ਪੱਤਰ ਪ੍ਰੇਰਕ
ਅਮਲੋਹ, 10 ਅਪਰੈਲ
ਮਾਰਕਫੈੱਡ ਪੰਜਾਬ ਦੇ ਚੀਫ ਮੈਨੇਜਰ (ਪਰਸਨਲ) ਨੇ ਮਾਰਕਫੈੱਡ ਅਮਲੋਹ ਦੇ ਫੀਲਡ ਅਫ਼ਸਰ ਤੇ ਬਰਾਂਚ ਇੰਚਾਰਜ ਨਰਿੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਉਹ ਜ਼ਿਲ੍ਹਾ ਦਫ਼ਤਰ ਸੰਗਰੂਰ ਵਿੱਚ ਆਪਣੀ ਡਿਊਟੀ ਨਿਭਾਉਣਗੇ।
ਵਰਨਣਯੋਗ ਹੈ ਕਿ ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਏ.ਐੱਫ.ਐੱਸ.ਓ ਗੁਰਸ਼ਰਨ ਸਿੰਘ ਅਤੇ ਤਹਿਸੀਲਦਾਰ ਅੰਕਿਤਾ ਅਗਰਵਾਲ ਸਮੇਤ ਮਾਰਕਫੈੱਡ ਅਮਲੋਹ ਦੇ ਗੁਦਾਮਾਂ ਵਿੱਚ ਕੱਲ੍ਹ ਦੇਰ ਸ਼ਾਮ ਚੈਕਿੰਗ ਕੀਤੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਦੱਸਿਆ ਕਿ ਸਥਾਨਕ ਦਫ਼ਤਰ ਵਿੱਚ ਬੋਰੀਆਂ ਵਿੱਚੋਂ ਕਣਕ ਕੱਢਣ ਦੀ ਵੀਡੀਓ ਵਾਇਰਲ ਹੋਣ ਬਾਅਦ ਉਨ੍ਹਾਂ ਮੌਕੇ ’ਤੇ ਜਾ ਕੇ ਜਾਂਚ ਕੀਤੀ, ਇਸ ਦੌਰਾਨ ਉਨ੍ਹਾਂ ਦੇਖਿਆ ਕਿ ਪੁਰਾਣੀਆਂ ਬੋਰੀਆਂ ਵਿੱਚੋਂ ਕਣਕ ਕੱਢ ਕੇ ਨਵੀਆਂ 2022-23 ਦੀਆਂ ਬੋਰੀਆਂ ਵਿੱਚ ਭਰੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਰਿਕਾਰਡ ਦੀ ਚੈਕਿੰਗ ਕੀਤੀ ਗਈ ਤਾਂ ਕਥਿਤ ਬੇਨਿਯਮੀਆਂ ਮਿਲੀਆਂ, ਇਸ ਬਾਰੇ ਉੱਚ ਅਧਿਕਾਰੀਆਂ ਦੇ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ, ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਬਰਾਂਚ ਇੰਚਾਰਜ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਇਸ ਸਬੰਧੀ ਨਰਿੰਦਰ ਸਿੰਘ ਨੇ ਦੋਸ਼ਾਂ ਨੂੰ ਗ਼ਲਤ ਦੱਸਿਆ।