ਪੱਤਰ ਪ੍ਰੇਰਕ
ਖਰੜ, 17 ਜੂਨ
ਪਿੰਡ ਤਿਊੜ ਵਿੱਚ ਬੀਤੇ ਦਿਨ ਅੱਗ ਲੱਗਣ ਕਾਰਨ 50 ਝੁੱਗੀਆਂ ਸੜ ਗਈਆਂ ਸਨ ਅਤੇ ਬੱਚੇ ਦੀ ਮੌਤ ਹੋ ਗਈ ਸੀ। ਇਸ ਸਬੰਧ ਵਿੱਚ ਖਰੜ ਸਦਰ ਪੁਲੀਸ ਨੇ ਜਗਤਾਰ ਸਿੰਘ ਅਤੇ ਨਰਿੰਦਰ ਸਿੰਘ ਦੇ ਵਿਰੁੱਧ ਕੇਸ ਦਰਜ ਕੀਤਾ ਹੈ ਅਤੇ ਜਗਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਐੱਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਬੱਚੇ ਦੇ ਪਿਤਾ ਸੁਰੇਸ਼ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਜਗਤਾਰ ਸਿੰਘ ਅਤੇ ਨਰਿੰਦਰ ਸਿੰਘ ਦੀ ਜ਼ਮੀਨ ਵਿੱਚ ਉਹ ਰਹਿ ਰਹੇ ਸਨ ਅਤੇ ਉਨ੍ਹਾਂ ਨੇ ਆਰਜ਼ੀ ਮੋਟਰ ਤੋਂ ਤਾਰ ਲਗਾ ਕੇ ਬਿਜਲੀ ਦਾ ਕੁਨੈਕਸ਼ਨ ਝੁੱਗੀਆਂ ਨੂੰ ਦਿੱਤਾ ਹੋਇਆ ਸੀ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਬੱਚੇ ਦੀ ਮੌਤ ਲਈ ਉਪਰੋਕਤ ਦੋਨੋਂ ਵਿਅਕਤੀ ਜ਼ਿਮੇਵਾਰ ਹਨ। ਪੁਲੀਸ ਨੇ ਜਗਤਾਰ ਸਿੰਘ, ਜਿਸ ਨੇ ਆਪਣੀ ਜਗ੍ਹਾ ਕਿਰਾਏ ’ਤੇ ਦਿੱਤੀ ਸੀ, ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਊਸ ਨੂੰ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਘਟਨਾ ਦੀ ਜਾਂਚ ਦੇ ਹੁਕਮ
ਇਥੋਂ ਦੇ ਐੱਸਡੀਐਮ ਹਿਮਾਂਸ਼ੂ ਜੈਨ ਨੇ ਬੀਤੇ ਦਿਨ ਪਿੰਡ ਤਿਊੜ ਵਿਚ ਝੁੱਗੀਆਂ ਸੜਨ ਅਤੇ ਬੱਚੇ ਦੀ ਮੌਤ ਦੇ ਸਬੰਧ ਵਿੱਚ ਜਾਂਚ ਦੇ ਹੁਕਮ ਦਿੱਤੇ ਹਨ। ਇਸੇ ਦੌਰਾਨ ਵਿਧਾਇਕ ਕੰਵਰ ਸੰਧੂ ਨੇ ਅੱਜ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਊਨ੍ਹਾਂ ਦੇ ਮੁੜ ਵਸੇਵੇ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਮੰਗ ਕੀਤੀ। ਇਸੇ ਦੌਰਾਨ ਐੱਸਡੀਐਮ ਨੇ ਦੱਸਿਆ ਕਿ ਇਸ ਅਗਨੀ ਕਾਂਡ ਦੀ ਜਾਂਚ ਲਈ ਨਾਇਬ ਤਹਿਸੀਲਦਾਰ ਮਾਜਰੀ ਨੂੰ ਇਨਕੁਆਰੀ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਊਨ੍ਹਾਂ ਨੂੰ ਤਿੰਨ ਦਿਨਾਂ ਵਿੱਚ ਰਿਪੋਰਟ ਦੇਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਊੜ ਵਿਚ ਰੱਖਿਆ ਗਿਆ ਹੈ।