ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 26 ਦਸੰਬਰ
ਸੁਚੇਤਕ ਰੰਗ ਮੰਚ ਅਤੇ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਕਲਾਕਾਰਾਂ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਵਿੱਢੀ ਮੁਹਿੰਮ ਤਹਿਤ ਮੁਹਾਲੀ ਸ਼ਹਿਰ ਵਿੱਚ ਨੁੱਕੜ ਨਾਟਕਾਂ ਰਾਹੀਂ ਅੰਦੋਲਨ ਲਈ ਲਾਮਬੰਦੀ ਕੀਤੀ ਜਾ ਰਹੀ ਹੈ। ਅੱਜ ਇੱਥੋਂ ਦੇ ਸੈਕਟਰ-70 ਦੇ ਪਾਰਕ ਵਿੱਚ ‘ਜੇ ਹੁਣ ਵੀ ਨਾ ਬੋਲੇ’ ਨੁੱਕੜ ਨਾਟਕ ਖੇਡਿਆ ਗਿਆ ਤੇ ਇਹੀ ਨਾਟਕ ਅੱਜ ਐਤਵਾਰ ਨੂੰ ਫੇਜ਼-11 ਦੇ ਨੇਬਰਹੁੱਡ ਪਾਰਕ ਵਿੱਚ ਵੀ ਖੇਡਿਆ ਜਾਵੇਗਾ। ਸ਼ਬਦੀਸ਼ ਵੱਲੋਂ ਲਿਖੇ ਇਸ ਨਾਟਕ ਨੂੰ ਅਨੀਤਾ ਨੇ ਨਿਰਦੇਸ਼ਿਤ ਕੀਤਾ ਹੈ। ਇਸ ਵਿੱਚ ਰਮਨ ਢਿੱਲੋਂ, ਮਹਿਤਾਬ ਵਿਰਕ, ਸ਼ੰਕਰ ਗੁਪਤਾ, ਤੇ ਰਿਸ਼ਮ ਨੇ ਅਹਿਮ ਭੂਮਿਕਾ ਨਿਭਾਈ ਹੈ। ਨਾਟਕ ਵਿੱਚ ਦਿੱਲੀ ਵਿੱਚ ਠੰਢ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਔਰਤਾਂ ਦੇ ਜਜ਼ਬੇ ਨੂੰ ਦਰਸਾਇਆ ਗਿਆ ਹੈ ਤੇ ਹੁਕਮਰਾਨਾਂ ਦੇ ਅੜੀਅਲ ਵਤੀਰੇ ਨੂੰ ਭੰਡਿਆ। ਇਸ ਵਿੱਚ ਸਾਰਿਆਂ ਨੂੰ ਸੰਘਰਸ਼ ਦੀ ਹਮਾਇਤ ਦਾ ਵੀ ਹੋਕਾ ਦਿੱਤਾ ਗਿਆ। ਕਲਾਕਾਰਾਂ ਦੀ ਭਾਵੁਕ ਪੇਸ਼ਕਾਰੀ ਦਾ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਆਨੰਦ ਮਾਣਿਆ। ਇਸ ਮੌਕੇ ਮੰਚ ਵੱਲੋਂ ਸਾਰਿਆਂ ਦੇ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਦਸਤਖ਼ਤ ਵੀ ਕਰਾਏ ਗਏ।
ਚਮਕੌਰ ਸਾਹਿਬ (ਸੰਜੀਵ ਬੱਬੀ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਜਿੱਥੇ ਕਮਾਲਪੁਰ ਟੌਲ ਪਲਾਜ਼ਾ ’ਤੇ 74ਵੇਂ ਦਿਨ ਵੀ ਧਰਨਾ ਜਾਰੀ ਰਿਹਾ, ਉੱਥੇ ਹੀ ਅੱਜ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਦੀਆਂ ਔਰਤਾਂ ਨੇ ਧਰਨੇ ਦੌਰਾਨ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ। ਇਸ ਦੌਰਾਨ ਉਨ੍ਹਾਂ ਸੰਘਰਸ਼ ਦੀ ਹਮਾਇਤ ਕਰਦਿਆਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹਨ ਦਾ ਐਲਾਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਬਾਈ ਪਰਮਿੰਦਰ ਸਿੰਘ ਸੇਖੋਂ, ਸਾਬਕਾ ਸਰਪੰਚ ਗੁਰਦੀਪ ਸਿੰਘ ਰਾਜੀ, ਬਲਦੇਵ ਸਿੰਘ ਹਾਫਿਜ਼ਾਬਾਦ ਅਤੇ ਦਰਸ਼ਨ ਸਿੰਘ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਕਿਸਾਨਾਂ ਵੱਲੋਂ ਕੇਂਦਰ ਖ਼ਿਲਾਫ਼ ਧਰਨੇ-ਮੁਜ਼ਾਹਰੇ ਕੀਤੇ ਜਾਣਗੇ। ਇਸ ਮੌਕੇ ਸੰਗਤ ਸਿੰਘ, ਬਲਵੰਤ ਸਿੰਘ, ਗਿਆਨ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ ਅਤੇ ਗੁਰਚਰਨ ਸਿੰਘ ਹਾਜ਼ਰ ਸਨ।
ਨੂਰਪੁਰ ਬੇਦੀ (ਬਲਵਿੰਦਰ ਰੈਤ): ਖੇਤੀ ਕਾਨੂੰਨਾਂ ਖ਼ਿਲਾਫ਼ ਜੀਓ ਦੇ ਬਾਈਕਾਟ ਤਹਿਤ ਅੱਜ ਪਿੰਡ ਝੱਜ ਵਿੱਚ ਕੁਝ ਨੌਜਵਾਨਾਂ ਨੇ ਜੀਓ ਦੇ ਟਾਵਰ ਦਾ ਕੁਨੈਕਸ਼ਨ ਕੱਟ ਦਿੱਤਾ, ਜਿਸ ਨਾਲ ਮੋਬਾਈਲ ’ਤੇ ਜੀਓ ਦਾ ਨੈੱਟਵਰਕ ਉੱਡ ਗਿਆ। ਇਸ ਕਾਰਵਾਈ ਦੇ ਮੱਦੇਨਜ਼ਰ ਖੇਤਰ ਦੇ ਬੁੱਧੀਜੀਵੀਆਂ ਨੇ ਕਿਹਾ ਕਿ ਟਾਵਰਾਂ ਦੇ ਕੁਨੈਕਸ਼ਨ ਕੱਟਣਾ ਕਾਨੂੰਨ ਆਪਣੇ ਹੱਥ ਵਿਚ ਲੈਣ ਵਾਲੀ ਗੱਲ ਹੈ। ਉਧਰ ਨੌਜਵਾਨਾਂ ਨੇ ਕਿਹਾ ਕਿ ਉਹ ਹੋਰ ਵੀ ਜੀਓ ਟਾਵਰਾਂ ਦੇ ਕੁਨੈਕਸ਼ਨ ਕੱਟਣਗੇ।
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਛਲੇੜੀ ਖ਼ੁਰਦ ਦੇ ਵਾਸੀਆਂ ਵੱਲੋਂ ਜਿੱਥੇ ਹਰ ਸਾਲ ਸ਼ਹੀਦੀ ਸਭਾ ਮੌਕੇ ਲੰਗਰ ਲਗਾਇਆ ਜਾਂਦਾ ਹੈ ਉੱਥੇ ਇਸ ਵਾਰ ਵੀ ਲੰਗਰ ਲਗਾਇਆ ਗਿਆ ਪ੍ਰੰਤੂ ਇਸ ਵਾਰ ਨੌਜਵਾਨਾਂ ਨੇ ਲੰਗਰ ਚਲਾਉਣ ਦੇ ਨਾਲ-ਨਾਲ ਆਪਣੇ ਹੱਥਾਂ ਵਿਚ ਕਾਨੂੰਨਾਂ ਦਾ ਵਿਰੋਧ ਦਰਸਾਉਣ ਵਾਲੇ ਬੈਨਰ ਫੜ ਕੇ ਅੰਦੋਲਨ ਦਾ ਸਮਰਥਨ ਕੀਤਾ।
ਰੂਪਨਗਰ (ਬਹਾਦਰਜੀਤ ਸਿੰਘ): ਹਲਕਾ ਸੁਧਾਰ ਕਮੇਟੀ ਵੱਲੋ ਸੰਗਤ ਕੋਲੋਂ ਕੀਤੀ ਉਗਰਾਹੀ ਦੀ ਰਕਮ ਨਾਲ ਦਿੱਲੀ ਸਰਹੱਦ ’ਤੇ ਕਿਸਾਨ ਮੋਰਚੇ ਜਾਣ ਵਾਲੇ ਟਰੈਕਟਰ-ਟਰਾਲੀਆਂ ਅਤੇ ਬੱਸਾਂ ਵਿੱਚ ਡੀਜ਼ਲ ਪਵਾਉਣ ਦੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ। ਕਮੇਟੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਪਤਿਆਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸੇ ਹਫ਼ਤੇ ਬਲੱਡ ਪ੍ਰੈਸ਼ਰ ਅਤੇ ਸ਼ੁੂਗਰ ਚੈੱਕ ਕਰਨ ਵਾਲੀਆਂ ਮਸ਼ੀਨਾਂ ਲਿਜਾਣ ਵਾਲੇ ਵਾਹਨਾਂ ਲਈ ਵੀ ਡੀਜ਼ਲ ਦੀ ਸੇਵਾ ਕੀਤੀ ਗਈ ਹੈ।
ਚੰਡੀਗੜ੍ਹ (ਕੁਲਦੀਪ ਸਿੰਘ): ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਅੱਜ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਦੀ ਅਗਵਾਈ ਹੇਠ ਪੇਂਡੂ ਅਤੇ ਸ਼ਹਿਰੀ ਮਜ਼ਦੂਰ ਮਰਦ ਤੇ ਔਰਤਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ। ਇਸ ਜਥੇ ਨੂੰ ਕਾਮਰੇਡ ਜਰਨੈਲ ਸਿੰਘ ਮਾਨਸਾ ਨੇ ਝੰਡਾ ਦਿਖਾ ਕੇ ਰਵਾਨਾ ਕੀਤਾ।
ਪਿੰਡ ਓਇੰਦ ਤੋਂ ਦਿੱਲੀ ’ਚ ਜਾਰੀ ਸੰਘਰਸ਼ ਲਈ ਰਾਸ਼ਨ ਭੇਜਿਆ
ਮੋਰਿੰਡਾ (ਸੰਜੀਵ ਤੇਜਪਾਲ): ਦਿੱਲੀ ਵਿੱਚ ਧਰਨੇ ’ਤੇ ਬੈਠੇ ਕਿਸਾਨਾਂ ਲਈ ਪਿੰਡ ਓਇੰਦ ਤੋਂ ਦੁੱਧ ਅਤੇ ਖਾਣ-ਪੀਣ ਦਾ ਸਾਮਾਨ ਭੇਜਿਆ ਗਿਆ। ਇਸ ਸਬੰਧੀ ਨੰਬਰਦਾਰ ਮੇਜਰ ਸਿੰਘ ਕੰਧੋਲਾ ਅਤੇ ਕੇਵਲ ਸਿੰਘ ਨੇ ਦੱਸਿਆ ਕਿ ਸਮੂਹ ਨਗਰ ਵਾਸੀਆਂ ਅਤੇ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਪਿੰਡ ਤੋਂ ਪੰਜਵੀਂ ਵਾਰ ਧਰਨੇ ’ਤੇ ਬੈਠੇ ਕਿਸਾਨਾਂ ਲਈ ਰਾਸ਼ਨ ਭੇਜਿਆ ਗਿਆ।
‘ਮਨ ਕੀ ਬਾਤ’ ਪ੍ਰੋਗਰਾਮ ਦੇ ਵਿਰੋਧ ’ਚ ਥਾਲੀਆਂ ਖੜਕਾਉਣ ਦਾ ਐਲਾਨ
ਚੰਡੀਗੜ੍ਹ (ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਚੰਡੀਗੜ੍ਹ ਵਾਸੀਆਂ ਨੇ ਤਿੱਖਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਅਤੇ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਭਲਕੇ 27 ਦਸੰਬਰ ਨੂੰ ਜਦੋਂ ‘ਮਨ ਕੀ ਬਾਤ’ ਪ੍ਰੋਗਰਾਮ ਸ਼ੁਰੂ ਹੋਵੇਗਾ ਤਾਂ ਸਾਰੇ ਕਿਸਾਨ ਹਿਤੈਸ਼ੀ ਲੋਕ ਉਸ ਦੇ ਵਿਰੋਧ ਵਿੱਚ ਥਾਲ਼ੀਆਂ ਖੜਕਾ ਕੇ ਅਤੇ ਢੋਲ ਨਗਾਰੇ ਵਜਾਉਣਗੇ।
ਚਾਰ ਹਜ਼ਾਰ ਕਿਸਾਨ ਸ਼ੰਭੂ ਟੌਲ ਪਲਾਜ਼ਾ ’ਤੇ ਡਟੇ
ਅੰਬਾਲਾ (ਰਤਨ ਸਿੰਘ ਢਿੱਲੋਂ): 25 ਤੋਂ 27 ਦਸੰਬਰ ਤੱਕ ਸੂਬੇ ਦੇ ਸਾਰੇ ਟੌਲ ਪਲਾਜ਼ਿਆਂ ਨੂੰ ਮੁਕਤ ਕਰਾਉਣ ਦੇ ਨਿਰਦੇਸ਼ਾਂ ਨੂੰ ਮੁੱਖ ਰੱਖਦਿਆਂ ਚਾਰ ਹਜ਼ਾਰ ਕਿਸਾਨਾਂ ਨੇ ਹਰਿਆਣਾ ਦੇ ਪ੍ਰਵੇਸ਼ ਦੁਆਰ ਸ਼ੰਭੂ ਬਾਰਡਰ ਦੇ ਟੌਲ ਪਲਾਜ਼ਾ ’ਤੇ ਵੀ 27 ਦਸੰਬਰ ਰਾਤ 12 ਵਜੇ ਤੱਕ ਡੇਰੇ ਲਾ ਲਏ ਹਨ। ਇਥੇ ਰਾਤ ਦੀ ਠੰਢ ਤੋਂ ਬਚਣ ਲਈ ਰਜਾਈਆਂ ਅਤੇ ਗੱਦਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਟੌਲ ਕਰਮਚਾਰੀਆਂ ਨੇ ਜਿਉਂ ਹੀ ਕਿਸਾਨਾਂ ਨੂੰ ਆਉਂਦਿਆਂ ਦੇਖਿਆ ਤਾਂ ਉਨ੍ਹਾਂ ਨੇ ਖੁਦ ਹੀ ਵਾਹਨ ਚਾਲਕਾਂ ਪਾਸੋਂ ਟੌਲ ਲੈਣਾ ਬੰਦ ਕਰ ਦਿੱਤਾ ਅਤੇ ਸਾਰੇ ਬੈਰੀਕੇਡ ਖੋਲ੍ਹ ਦਿੱਤੇ ਜਿਸ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਸੁਚਾਰੂ ਰੂਪ ਵਿਚ ਚੱਲਣੀ ਸ਼ੁਰੂ ਹੋ ਗਈ।
ਟੌਲ ਕੰਪਨੀ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ: ਖੱਟਰ
ਪੰਚਕੂਲਾ (ਪੀ.ਪੀ ਵਰਮਾ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਜਿੰਨੇ ਦਿਨ ਟੌਲ ਬੰਦ ਕੀਤਾ ਜਾਵੇਗਾ ਓਨੇ ਦਿਨ ਟੌਲ ਦਾ ਠੇਕਾ ਵਧਾਇਆ ਜਾਵੇਗਾ ਤਾਂ ਜੋ ਟੌਲ ਕੰਪਨੀ ਨੂੰ ਕੋਈ ਨੁਕਸਾਨ ਨਾ ਝੱਲਣਾ ਪਵੇ। ਉਨ੍ਹਾਂ ਕਿਹਾ ਕਿ ਸਿਰਫ਼ ਦਿਨ ਵਿੱਚ ਚੰਡੀਮੰਦਰ ਟੌਲ ਪਲਾਜ਼ਾ ਨੂੰ ਲਗਪਗ 9 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਜਾਣਕਾਰੀ ਮੁਤਾਬਿਕ ਕਿਸਾਨਾਂ ਨੇ ਅੱਜ ਦੂਜੇ ਦਿਨ ਚੰਡੀਮੰਦਰ ਟੌਲ ਪਲਾਜ਼ਾ ’ਤੇ ਟ੍ਰੈਕਟਰ-ਟਰਾਲੀਆਂ ਖੜ੍ਹੇ ਕਰਕੇ ਧਰਨਾ ਦਿੱਤਾ ਅਤੇ ਵਾਹਨਾਂ ਨੂੰ ਬਿਨਾਂ ਟੌਲ ਤੋਂ ਲੰਘਾਇਆ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਟੌਲ ਪਲਾਜ਼ਾ ’ਤੇ ਤਿੰਨ ਦਿਨ ਦਾ ਅੰਦੋਲਨ ਸੀ ਜਿਹੜਾ ਹੁਣ ਇੱਕ ਦਿਨ ਹੋਰ ਰਹੇਗਾ।
ਅਕਾਲੀ ਆਗੂ ਵੱਲੋਂ ਵਾਹਨਾਂ ’ਚ ਤੇਲ ਪਵਾਉਣ ਦਾ ਐਲਾਨ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਮੁੱਲਾਂਪੁਰ ਗਰੀਬਦਾਸ ਤੋਂ ਸੀਨੀਅਰ ਯੂਥ ਅਕਾਲੀ ਆਗੂ ਸਤਵੀਰ ਸਿੰਘ ਸੱਤੀ ਨੇ ਦਿੱਲੀ ਸੰਘਰਸ਼ ਵਿੱਚ ਜਾਣ ਵਾਲੇ ਵਾਹਨਾਂ ਲਈ ਮੁਫ਼ਤ ਤੇਲ ਪਵਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤੇਲ ਪਵਾਉਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਕਿ ਵੱਡੀ ਗਿਣਤੀ ਵਿੱਚ ਲੋਕ ਦਿੱਲੀ ਪੁੱਜ ਸਕਣ।