ਹਰਜੀਤ ਸਿੰਘ
ਜ਼ੀਰਕਪੁਰ, 3 ਨਵੰਬਰ
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਇਕ ਕਾਰ ਚਾਲਕ ਨੂੰ ਇਕ ਲੜਕੀ ਨੂੰ ਲਿਫ਼ਟ ਦੇਣਾ ਮਹਿੰਗਾ ਪਿਆ। ਲੜਕੀ ਨੇ ਆਪਣੇ ਸਾਥੀਆਂ ਨਾਲ ਰਲ ਕੇ ਕਾਰ ਸਵਾਰ ਨੂੰ ਲੁੱਟ ਲਿਆ। ਪੁਲੀਸ ਨੇ ਕਾਰ ਚਾਲਕ ਦੀ ਸ਼ਿਕਾਇਤ ’ਤੇ ਉਸਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਾਗਰ ਹੀਰ ਵਾਸੀ ਅੰਬਾਲਾ ਹਰਿਆਣਾ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੀ ਕਾਰ ਰਾਹੀਂ ਅੰਬਾਲਾ ਤੋਂ ਮੁਹਾਲੀ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਤੜਕੇ ਸਵਾ ਤਿੰਨ ਵਜੇ ਪਟਿਆਲਾ ਚੌਂਕ ’ਤੇ ਪਹੁੰਚਿਆ ਤਾਂ ਰਾਹ ਵਿੱਚ ਉਸ ਨੂੰ 25 ਤੋਂ 30 ਸਾਲ ਦੇ ਵਿਚਕਾਰ ਲੜਕੀ ਨੇ ਹੱਥ ਦੇ ਕੇ ਲਿਫ਼ਟ ਮੰਗੀ। ਉਸਨੇ ਲੜਕੀ ਨੂੰ ਲਿਫ਼ਟ ਦੇ ਦਿੱਤੀ ਉਸ ਦੇ ਬੈਠਣ ਤੋਂ ਥੋੜੀ ਦੇਰ ਬਾਅਦ ਹੀ ਦੋ ਮੋਟਰਸਾਈਕਲਾਂ ’ਤੇ ਪੰਜ ਦੇ ਕਰੀਬ ਨੌਜਵਾਨ ਆਏ ਜਿਨ੍ਹਾਂ ਨੇ ਜ਼ਬਰਦਸਤੀ ਘੇਰ ਕੇ ਉਸ ਦੀ ਕਾਰ ਨੂੰ ਰੋਕ ਲਿਆ ਅਤੇ ਅੰਦਰ ਵੜ ਆਏ। ਉਹ ਉਸਦੀ ਕਾਰ ਨੂੰ ਕਿਸੇ ਸੁਨਸਾਨ ਥਾਂ ’ਤੇ ਲੈ ਕੇ ਗਏ, ਜਿੱਥੇ ਉਨ੍ਹਾਂ ਨੇ ਉਸ ਤੋਂ 25 ਹਜ਼ਾਰ ਰੁਪਏ ਨਕਦ, ਪੰਜ ਹਜ਼ਾਰ ਰੁਪਏ ਗੂਗਲ ਪੇਅ ਕਰਵਾ ਲਏ ਅਤੇ ਉਸਦਾ ਪਰਸ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਲੈ ਕੇ ਫ਼ਰਾਰ ਹੋ ਗਏ। ਥਾਣਾ ਮੁਖੀ ਜਸਕੰਵਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਮਿਲਣ ਮਗਰੋਂ ਲੜਕੀ ਅਤੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।