ਮੁਕੇਸ਼ ਕੁਮਾਰ
ਚੰਡੀਗੜ੍ਹ, 11 ਅਪਰੈਲ
ਨਗਰ ਨਿਗਮ ਕਮਿਸ਼ਨਰ ਅਨੰਦਿੱਤਾ ਮਿੱਤਰਾ ਵੱਲੋਂ ਸੈਕਟਰ 41 ਅਤੇ ਪਿੰਡ ਬੁਟੇਰਲਾ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇੱਥੇ ਸਵੇਰੇ ਸਾਢੇ ਛੇ ਵਜੇ ਸ਼ੁਰੂ ਕੀਤੇ ਗਏ ਦੌਰੇ ਦੌਰਾਨ ਨਗਰ ਨਿਗਮ ਦੀ ਟੀਮ ਸੈਕਟਰ 41 ਦੇ ਕਮਿਊਨਿਟੀ ਸੈਂਟਰ ਪੁੱਜੀ ਅਤੇ ਇਸ ਮਗਰੋਂ ਕਮਿਸ਼ਨਰ ਤੇ ਇੰਜਨੀਅਰਾਂ ਦੀ ਟੀਮ ਨੇ ਪੂਰੇ ਸੈਕਟਰ ਤੇ ਪਿੰਡ ਬੁਟੇਰਲਾ ਦਾ ਦੌਰਾ ਕੀਤਾ।
ਇਸ ਤੋਂ ਪਹਿਲਾਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕਮਿਊਨਿਟੀ ਸੈਂਟਰ ਦੀ ਮਾੜੀ ਹਾਲਤ ਬਾਰੇ ਦੱਸਦਿਆਂ ਜ਼ਰੂਰੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਜਿਸ ’ਤੇ ਨਿਗਮ ਕਮਿਸ਼ਨਰ ਨੇ ਮੌਕੇ ’ਤੇ ਹਾਜ਼ਰ ਬੀ ਐਂਡ ਆਰ ਵਿਭਾਗ ਦੇ ਇੰਜਨੀਅਰਾਂ ਨੂੰ ਤਜਵੀਜ਼ ਤਿਆਰ ਕਰਨ ਲਈ ਕਿਹਾ। ਉਨ੍ਹਾਂ ਸੜਕਾਂ ਦੀਆਂ ਟੁੱਟੀਆਂ ਬਰਮਾਂ ਦਾ ਗੰਭੀਰ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਤੁਰੰਤ ਮੁਰੰਮਤ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸੈਕਟਰ 41 ਸਥਿਤ ਮੱਛੀ ਮਾਰਕੀਟ ਦਾ ਦੌਰਾ ਵੀ ਕੀਤਾ ਜਿਸ ਦੌਰਾਨ ਕੌਂਸਲਰ ਸ੍ਰੀ ਬੁਟੇਰਲਾ ਨੇ ਮਾਰਕੀਟ ਵਿੱਚ ਫੈਲੀ ਗੰਦੀ ਬਾਰੇ ਦੱਸਿਆ ਜਿਸ ’ਤੇ ਕਮਿਸ਼ਨਰ ਨੇ ਸਿਹਤ ਸੁਪਰਵਾਈਜ਼ਰ ਨੂੰ ਮਾਰਕੀਟ ਦੀ ਸਫ਼ਾਈ ਕਰਵਾਉਣ ਦੀ ਹਦਾਇਤ ਕੀਤੀ।
ਕੌਂਸਲਰ ਵੱਲੋਂ ਸੈਕਟਰ 41 ਵਿੱਚ ਥਾਂ-ਥਾਂ ’ਤੇ ਲੱਗਣ ਵਾਲੇ ਕੂੜੇ ਦੇ ਢੇਰਾਂ ਬਾਰੇ ਦੱਸਣ ’ਤੇ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਇਲਾਕੇ ਦੇ ਮੁੱਖ ਸਥਾਨਾਂ ‘ਤੇ ਸੀਸੀਟੀਵੀ ਕੈਮਰੇ ਲਾਉਣ ਅਤੇ ਕਮਾਂਡ ਕੰਟਰੋਲ ਸੈਂਟਰ ਨਾਲ ਜੋੜ ਕੇ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਦੇ ਚਲਾਨ ਕੱਟਣ ਦੀ ਹਦਾਇਤ ਕੀਤੀ। ਉਨ੍ਹਾਂ ਮੁੱਖ ਇੰਜਨੀਅਰ ਐੱਨ ਪੀ ਸ਼ਰਮਾ ਨੂੰ ਕਿਹਾ ਕਿ ਉਹ ਸੜਕ ਦੇ ਕਿਨਾਰਿਆਂ ’ਤੇ ਵਾਹਨ ਧੋਣ ਵਾਲਿਆਂ ਦੇ ਚਲਾਨ ਕੱਟਣ। ਇਸ ਦੌਰਾਨ ਪਿੰਡ ਬੁਟੇਰਲਾ ਅਤੇ ਸੈਕਟਰ 41 ਵਿੱਚ ਸਫ਼ਾਈ ਵਿਵਸਥਾ ਅਤੇ ਗਲੀਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੀ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਨਗਰ ਨਿਗਮ ਕਮਿਸ਼ਨਰ ਦੇ ਅੱਜ ਦੇ ਇਸ ਦੌਰੇ ਦੌਰਾਨ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸਮੇਤ ਸਮੂਹ ਸੁਪਰਡੈਂਟ ਇੰਜਨੀਅਰ, ਸਬੰਧਤ ਕਾਰਜਕਾਰੀ ਇੰਜਨੀਅਰ, ਐੱਸਡੀਈਜ਼, ਜੂਨੀਅਰ ਇੰਜਨੀਅਰ, ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰ ਅਤੇ ਇਲਾਕਾ ਨਿਵਾਸੀ ਵੀ ਮੌਜੂਦ ਰਹੇ।
ਪਾਰਕਾਂ ਦ ਮਾੜੀ ਹਾਲਤ ’ਤੇ ਅਧਿਕਾਰੀਆਂ ਦੀ ਖਿਚਾਈ
ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਦੌਰੇ ਦੌਰਾਨ ਪਾਰਕਾਂ ਦੀ ਖਸਤਾ ਹਾਲਤ ’ਤੇ ਨਿਗਮ ਦੇ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਦੀ ਖਿਚਾਈ ਕੀਤੀ। ਉਨ੍ਹਾਂ ਇਲਾਕੇ ਦੇ ਪਾਰਕ ਨੰਬਰ 1 ਦੀ ਖੂਬਸੂਰਤੀ ਦੀ ਸ਼ਲਾਘਾ ਕੀਤੀ, ਜਿਸਨੂੰ ਇੱਥੋਂ ਦੀ ਰੈਜੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਨੇ ਗੋਦ ਲਿਆ ਹੋਇਆ ਹੈ ਜਦਕਿ ਨਿਗਮ ਅਧਿਕਾਰੀਆਂ ਨੂੰ ਇਸ ਤੋਂ ਸਿੱਖਿਆ ਲੈਣ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਪਾਰਕਾਂ ਦੀ ਹਾਲਤ ਛੇਤੀ ਹੀ ਸੁਧਾਰੀ ਜਾਵੇ।