ਸਰਬਜੀਤ ਸਿੰਘ ਭੱਟੀ
ਲਾਲੜੂ, 29 ਜੁਲਾਈ
ਨਗਰ ਕੌਂਸਲ ਦੇ ਵਾਰਡ ਨੰਬਰ 4 ਦੀ ਸਰਦਾਰਪੁਰਾ ਕਾਲੋਨੀ ਦੇ ਗੰਦੇ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਤੇ ਸੜਕਾਂ ਵਿਚਕਾਰ ਪਏ ਖੱਡਿਆਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਾਰਡ ਵਾਸੀ ਜਸਵੀਰ ਸਿੰਘ, ਜਰਨੈਲ ਸਿੰਘ, ਜੁਲਫਾਨ, ਡਾ. ਗੁਰਦੇਵ ਸਿੰਘ, ਗੁਰਮੇਲ ਸਿੰਘ, ਡਾ. ਬੰਗਾਲੀ, ਕੁਲਦੀਪ ਦਲੇਰ ਸਮੇਤ ਅਨੇਕਾਂ ਵਿਅਕਤੀਆਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਦਾਰਪੁਰਾ ਦੀ ਮੁੱਖ ਸੜਕ ਵਿਚਕਾਰ ਮੇਨ ਹਾਲ ਨੇੜੇ ਕਾਫ਼ੀ ਵੱਡਾ ਖੱਡਾ ਬਣਿਆ ਹੋਇਆ ਹੈ, ਜਿਸ ਕਾਰਨ ਕੋਈ ਵੀ ਅਣਹੋਣੀ ਵਾਪਰ ਸਕਦੀ ਹੈ ਪਰ ਕੌਂਸਲ ਦੇ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀ ਕਾਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਤੋਂ ਇਲਾਵਾ ਸਰਦਾਰਪੁਰਾ-ਧਰਮਗੜ੍ਹ ਸੜਕ ’ਤੇ ਪੈਂਦੇ ਗੰਦੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਵਿੱਚ ਦਿੱਕਤ ਆ ਰਹੀ ਹੈ ਤੇ ਨਾਲਾ ਗੰਦਗੀ ਨਾਲ ਨੱਕੋ-ਨੱਕ ਭਰ ਗਿਆ ਹੈ, ਜਿਸ ਕਾਰਨ ਚਾਰੇ ਪਾਸੇ ਬਦਬੂ ਫ਼ੈਲ ਰਹੀ ਹੈ। ਵਾਰਡ ਵਾਸੀਆਂ ਨੇ ਦੱਸਿਆ ਕਿ ਹਰ ਸਾਲ ਬਰਸਾਤ ਤੋਂ ਪਹਿਲਾਂ ਗੰਦੇ ਨਾਲਿਆ ਦੀ ਸਫ਼ਾਈ ਕੌਂਸਲ ਵੱਲੋਂ ਕਰਵਾਈ ਜਾਂਦੀ ਸੀ ਪਰ ਇਸ ਵਾਰ ਸਫ਼ਾਈ ਕੇਵਲ ਸਰਕਾਰੀ ਫਾਈਲਾਂ ਵਿੱਚ ਹੀ ਹੋਈ ਹੈ ਅਤੇ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨਾ ਹੋਣ ਕਾਰਨ ਗੰਦਗੀ ਦਾ ਆਲਮ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਮੱਸਿਆ ਨੂੰ ਛੇਤੀ ਹੱਲ ਕਰਵਾ ਦਿੱਤਾ ਜਾਵੇਗਾ।