ਮੁੱਖ ਅੰਸ਼
- ਕੋਆਰਡੀਨੇਸ਼ਨ ਕਮੇਟੀ ਵੱਲੋਂ ਯੂਟੀ ਸਕੱਤਰੇਤ ਅੱਗੇ ਰੋਸ ਪ੍ਰਦਰਸ਼ਨ ਦੌਰਾਨ ਨਾਅਰੇਬਾਜ਼ੀ
- ਕੰਟਰੈਕਟ ਵਰਕਰਾਂ ਲਈ ਸੁਰੱਖਿਅਤ ਰੁਜ਼ਗਾਰ ਯੋਜਨਾ ਬਣਾਉਣ ਅਤੇ ਆਰਥਿਕ ਸ਼ੋਸ਼ਣ ਬੰਦ ਕਰਨ ’ਤੇ ਜ਼ੋਰ
ਕੁਲਦੀਪ ਸਿੰਘ
ਚੰਡੀਗੜ੍ਹ, 24 ਫ਼ਰਵਰੀ
ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐਮ.ਸੀ. ਇੰਪਲਾਈਜ਼ ਤੇ ਵਰਕਰਜ਼ ਚੰਡੀਗੜ੍ਹ ਦੇ ਬੈਨਰ ਹੇਠ ਅੱਜ ਮੁਲਾਜ਼ਮਾਂ ਨੇ ਯੂ.ਟੀ. ਸਕੱਤਰੇਤ ਸੈਕਟਰ-9 ਵਿੱਚ ਸੰਕੇਤਕ ਰੋਸ ਪ੍ਰਦਰਸ਼ਨ ਕਰਕੇ ਠੇਕੇਦਾਰ ਵੱਲੋਂ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ। ਇਸ ਦੌਰਾਨ ਯੂ.ਟੀ. ਪ੍ਰਸ਼ਾਸਨ ਅਤੇ ਠੇਕੇਦਾਰ ਕੰਪਨੀ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ ਅਤੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਠੇਕੇਦਾਰ ਕੰਪਨੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਕੱਢ ਰਹੀ ਹੈ। ਕਰੋਨਾ ਮਹਾਮਾਰੀ ਵਿੱਚ ਰੌਕ ਗਾਰਡਨ ਬੰਦ ਕਰ ਦਿੱਤਾ ਗਿਆ ਸੀ ਤਾਂ ਉਥੇ ਕੰਮ ਕਰ ਰਹੇ ਆਊਟਸੋਰਸ ਸਫ਼ਾਈ ਕਰਮਚਾਰੀਆਂ ਦਾ ਰੁਜ਼ਗਾਰ ਖੋਹ ਲਿਆ ਗਿਆ। ਜਦੋਂ ਰੌਕ ਗਾਰਡਨ ਖੁੱਲ੍ਹਿਆ ਤਾਂ ਠੇਕੇਦਾਰ ਨੇ ਉਥੇ ਕੰਮ ਕਰ ਰਹੇ ਪਹਿਲੇ ਕਰਮਚਾਰੀਆਂ ਨੂੰ ਮੁੜ ਨੌਕਰੀ ਉੱਤੇ ਰੱਖਣ ਤੋਂ ਇਨਕਾਰ ਕਰ ਦਿੱਤਾ। ਅਧਿਕਾਰੀਆਂ ਨੇ ਜਥੇਬੰਦੀ ਦੇ ਆਗੂਆਂ ਨਾਲ ਗੱਲਬਾਤ ਦੌਰਾਨ ਭਰੋਸਾ ਦਿੱਤਾ ਸੀ ਕਿ ਕੱਢੇ ਗਏ ਕਰਮਚਾਰੀਆਂ ਨੂੰ ਮੁੜ ਨੌਕਰੀ ਉੱਤੇ ਰੱਖਿਆ ਜਾਵੇਗਾ। ਅਧਿਕਾਰੀਆਂ ਦੇ ਭਰੋਸੇ ਦੇ ਬਾਵਜੂਦ ਵੀ ਅਜੇ ਤੱਕ ਉਨ੍ਹਾਂ ਨੂੰ ਮੁੜ ਕੰਮ ਉੱਤੇ ਨਹੀਂ ਰੱਖਿਆ ਗਿਆ ਹੈ ਜਿਸ ਕਾਰਨ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਯੂਟੀ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਕੰਟਰੈਕਟ ਵਰਕਰਾਂ ਲਈ ਸੁਰੱਖਿਅਤ ਪਾਲਿਸੀ ਬਣਾਈ ਜਾਵੇ ਅਤੇ ਠੇਕੇਦਾਰਾਂ ਹੱਥੋਂ ਵਰਕਰਾਂ ਦਾ ਕੀਤਾ ਜਾ ਰਿਹਾ ਸ਼ੋਸ਼ਣ ਤੁਰੰਤ ਬੰਦ ਕਰਵਾਇਆ ਜਾਵੇ।
ਰੋਸ ਪ੍ਰਦਰਸ਼ਨ ਨੂੰ ਹਰੀ ਮੋਹਨ, ਕਿਸ਼ੋਰੀ ਲਾਲ, ਹਰਪ੍ਰੀਤ ਸਿੰਘ, ਸੰਤੋਸ਼ ਸਿੰਘ, ਰਾਜਿੰਦਰ ਕੁਮਾਰ, ਬੀਰ ਸਿੰਘ ਅਤੇ ਚੇਅਰਮੈਨ ਅਨਿਲ ਕੁਮਾਰ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਆਊਟਸੋਰਸ ਵਰਕਰਾਂ ਦੀ ਸੁਣਵਾਈ ਨਾ ਹੋਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਗੰਨਾ ਕਾਸ਼ਤਕਾਰਾਂ ਵੱਲੋਂ ਰੋਸ ਧਰਨਾ 26 ਨੂੰ
ਖਮਾਣੋਂ (ਜਗਜੀਤ ਕੁਮਾਰ): ਗੰਨਾ ਕਾਸ਼ਤਕਾਰਾਂ ਦੀ ਮੀਟਿੰਗ ਪਿੰਡ ਹਵਾਰਾ ਕਲਾਂ ਵਿਚ ਹੋਈ। ਕਾਸ਼ਤਕਾਰਾਂ ਅਨੁਸਾਰ ਸੀਜ਼ਨ 2019-20 ਦੀ ਗੰਨੇ ਦੀ ਬਕਾਇਆ ਪੇਮੈਂਟ 9 ਕਰੋੜ ਦੇ ਲਗਭਗ ਹੈ ਤੇ ਮੌਜੂਦਾ ਸੀਜ਼ਨ (2020-21) ਦੀ ਬਾਕੀ ਪੇਮੈਂਟ 35 ਕਰੋੜ ਦੇ ਨੇੜੇ ਹੈ। ਕਾਸ਼ਤਕਾਰਾਂ ਨੇ ਕਿਹਾ ਕਿ ਅਦਾਇਗੀ ਨਾ ਹੋਣ ’ਤੇ 26 ਫਰਵਰੀ ਨੂੰ ਖੰਡ ਮਿੱਲ ਮੋਰਿੰਡਾ ਅੱਗੇ ਧਰਨਾ ਦਿੱਤਾ ਜਾਵੇਗਾ।