ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 20 ਅਗਸਤ
ਪਸ਼ੂਆਂ ਵਿੱਚ ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੇ ਅੱਜ ਇੱਥੇ ਮੀਟਿੰਗ ਕੀਤੀ ਤੇ 22 ਅਗਸਤ ਨੂੰ ਵੇਰਕਾ ਮਿਲਕ ਪਲਾਂਟ ਅੱਗੇ ਸੂਬਾ ਸਰਕਾਰ ਖ਼ਿਲਾਫ਼ ਅਣਮਿਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕੀਤਾ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਸੀਨੀਅਰ ਮੀਤ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਅਤੇ ਲਖਵਿੰਦਰ ਸਿੰਘ ਕਰਾਲਾ ਨੇ ਦੱਸਿਆ ਕਿ ਧਰਨੇ ਲਈ ਕਿਸਾਨਾਂ, ਪਸ਼ੂ ਪਾਲਕਾਂ ਅਤੇ ਦੁੱਧ ਦੇ ਸਹਾਇਕ ਧੰਦੇ ਨਾਲ ਜੁੜੇ ਵਿਅਕਤੀਆਂ ਦੀ ਲਾਮਬੰਦੀ ਲਈ ਅੱਜ ਤੋਂ ਮੀਟਿੰਗਾਂ ਸ਼ੁਰੂ ਕੀਤੀਆਂ ਗਈਆਂ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਲੰਪੀ ਸਕਿਨ ਕਾਰਨ ਪੰਜਾਬ ਵਿੱਚ ਰੋਜ਼ਾਨਾ ਪਸ਼ੂ ਮਰ ਰਹੇ ਹਨ ਤੇ ਪਸ਼ੂ ਹਸਪਤਾਲਾਂ ਵਿੱਚ ਨਾ ਡਾਕਟਰ ਪੂਰੇ ਹਨ ਅਤੇ ਨਾ ਹੀ ਦਵਾਈਆਂ ਦਾ ਸਟਾਕ ਹੈ। ਬਿਮਾਰ ਪਸ਼ੂਆਂ ਕਾਰਨ ਦੁੱਧ ਦੀ ਪੈਦਾਵਾਰ ਉੱਤੇ ਮਾੜਾ ਅਸਰ ਪੈ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ ਇਕ ਲੱਖ ਪਸ਼ੂ ਲੰਪੀ ਸਕਿਨ ਕਾਰਨ ਮਰ ਚੁੱਕੇ ਹਨ। ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਅਤੇ ਸਹਾਇਕ ਧੰਦਿਆਂ ਨਾਲ ਜੁੜੇ ਲੋਕਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਪੀੜਤ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਦੁੱਧ ਦੇ ਭਾਅ ਵਿੱਚ ਹੋਰ ਵਾਧਾ ਕੀਤਾ ਜਾਵੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੀੜਤ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਣ ਅਤੇ ਪਸ਼ੂ ਹਸਪਤਾਲਾਂ ਵਿੱਚ ਡਾਕਟਰ ਅਤੇ ਲੋੜੀਂਦੀਆਂ ਦਵਾਈਆਂ ਦੀ ਵਿਵਸਥਾ ਨਾ ਕੀਤੀ ਗਈ ਤਾਂ ਵੇਰਵਾ ਮਿਲਕ ਪਲਾਂਟ ਦੇ ਬਾਹਰ 22 ਅਗਸਤ ਤੋਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ।