ਪੱਤਰ ਪ੍ਰੇਰਕ
ਜ਼ੀਰਕਪੁਰ, 9 ਅਗਸਤ
ਇੱਥੋਂ ਦੇ ਬਲਟਾਣਾ ਖੇਤਰ ਵਿੱਚ ਦੂਸ਼ਿਤ ਪਾਣੀ ਕਾਰਨ ਫੈਲੇ ਹੈਜ਼ੇ ਨੇ ਅੱਜ ਇਕ ਹੋਰ ਵਿਅਕਤੀ ਦੀ ਜਾਨ ਲੈ ਲਈ। ਮ੍ਰਿਤਕ ਦੀ ਪਛਾਣ 30 ਸਾਲਾ ਰਵਿੰਦਰ ਕੁਮਾਰ ਵਾਸੀ ਸਦਾਸ਼ਿਵ ਐਨਕਲੇਵ ਵਜੋਂ ਹੋਈ ਹੈ। ਰਵਿੰਦਰ ਲੰਘੇ ਕੁਝ ਦਿਨਾਂ ਤੋਂ ਚੰਡੀਗੜ੍ਹ ਸਥਿਤ ਜੀਐੱਮਸੀਐੱਚ ਵਿੱਚ ਦਾਖ਼ਲ ਸੀ। ਕੱਲ੍ਹ ਵੀ ਸਦਾਸ਼ਿਵ ਐਨਕਲੇਵ ਵਿੱਚ ਇਕ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ ਸੀ। ਰਵਿੰਦਰ ਕੁਮਾਰ ਜਿਸ ਦੀ ਅੱਜ ਮੌਤ ਹੋ ਹੋਈ ਹੈ, ਉਸੇ ਘਰ ਵਿੱਚ ਕਿਰਾਏਦਾਰ ਸੀ ਜਿੱਥੇ ਕਿ ਕੱਲ੍ਹ ਮਰਨ ਵਾਲੀ ਤਿੰਨ ਸਾਲਾ ਬੱਚੀ ਰਹਿੰਦੀ ਸੀ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵੇਲੇ ਚਾਰ ਹੋਰ ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਮਰੀਜ਼ਾਂ ਨੂੰ ਪੀਜੀਆਈ ਚੰਡੀਗੜ੍ਹ ਤੇ ਜੀਐੱਮਸੀਐੱਚ, ਸੈਕਟਰ 32 ਰੈਫਰ ਕੀਤਾ ਗਿਆ ਹੈ। ਦੂਜੇ ਪਾਸੇ ਅੱਜ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਸੀਨੀਅਰ ਸਿਹਤ ਅਧਿਕਾਰੀਆਂ ਵੱਲੋਂ ਅੱਜ ਜ਼ੀਰਕਪੁਰ ਦੇ ਬਲਟਾਣਾ ਵਿਚਲੇ ਉਨ੍ਹਾਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੇ ਕੁੱਲ 426 ਘਰਾਂ ਦਾ ਦੌਰਾ ਕਰ ਕੇ ਓਆਰਐੱਸ ਦੇ ਪੈਕੇਟ ਤੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਹਨ। ਇਸ ਤੋਂ ਇਲਾਵਾ ਘਰਾਂ ਵਿਚੋਂ ਪਾਣੀ ਦੇ ਨਮੂਨੇ ਵੀ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ 120 ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 8 ਮਰੀਜ਼ ਹਸਪਤਾਲਾਂ ਵਿਚ ਦਾਖ਼ਲ ਹਨ। ਉਨ੍ਹਾਂ ਹਸਪਤਾਲ ਵਿੱਚ ਜਾ ਕੇ ਦਾਖ਼ਲ ਮਰੀਜ਼ਾਂ ਦਾ ਹਾਲ ਵੀ ਜਾਣਿਆ।
ਡੇਰਾਬੱਸੀ ਵਿੱਚ ਵੀ ਹੈਜ਼ਾ ਫੈਲਿਆ
ਡੇਰਾਬੱਸੀ: ਬਲਟਾਣਾ ਮਗਰੋਂ ਹੁਣ ਡੇਰਾਬੱਸੀ ਵਿੱਚ ਵੀ ਹੈਜ਼ਾ ਫੈਲ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਥੋਂ ਦੇ ਸ਼ਿਵਪੁਰੀ ਮੁਹੱਲੇ ਵਿੱਚ ਦੂਸ਼ਿਤ ਪਾਣੀ ਕਾਰਨ ਦਰਜਨਾਂ ਲੋਕ ਬਿਮਾਰ ਹੋ ਗਏ ਹਨ ਜੋ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸ਼ਿਵਪੁਰੀ ਮੁਹੱਲੇ ਦੀ ਇਕ ਨੀਵੀਂ ਗਲੀ ਦੇ ਲੋਕ ਲੰਮੇ ਸਮੇਂ ਤੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਹ ਗਲੀ ਹਾਈਵੇਅ ਤੋਂ ਕਾਫੀ ਨੀਵੀਂ ਹੈ ਜਿਥੇ 15 ਦੇ ਕਰੀਬ ਘਰ ਹਨ। ਇਸ ਗਲੀ ਵਿੱਚ ਹਰੇਕ ਮੀਂਹ ਦੌਰਾਨ ਪਾਣੀ ਭਰ ਜਾਂਦਾ ਹੈ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿਚ ਸੀਵਰੇਜ ਦਾ ਪਾਣੀ ਰਿਸਣ ਕਾਰਨ ਹੀ ਇਹ ਬਿਮਾਰੀ ਫੈਲੀ ਹੈ। ਉੱਧਰ, ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈੱਡੀ ਨੇ ਕਿਹਾ ਕਿ ਸਮੱਸਿਆ ਦਾ ਹੱਲ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਜਾਮ ਸੀ, ਜਿਸ ਨੂੰ ਖੂੱਲ੍ਹਵਾ ਦਿੱਤਾ ਗਿਆ ਹੈ।