ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਮਈ
ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਵੱਲੋਂ ਵਿਕਾਸ ਦੇ ਨਾਂ ’ਤੇ ਭਾਜਪਾ ਨੂੰ ਵਾਰ-ਵਾਰ ਘੇਰੇ ਜਾਣ ਦਾ ਚੰਡੀਗੜ੍ਹ ਦੇ ਸਾਬਕਾ ਮੇਅਰਾਂ ਨੇ ਸਾਂਝੇ ਤੌਰ ’ਤੇ ਜਵਾਬ ਦਿੱਤਾ ਹੈ। ਇਸ ਮੌਕੇ ਸ਼ਹਿਰ ਦੀ ਪਹਿਲੀ ਮਹਿਲਾ ਮੇਅਰ ਕਮਲਾ ਸ਼ਰਮਾ, ਕੇਕੇ ਅਦੀਵਾਲ, ਆਸ਼ਾ ਜਸਵਾਲ, ਸਰਵਜੀਤ ਕੌਰ, ਮਨੋਜ ਸੋਨਕਰ, ਰਾਜੇਸ਼ ਕਾਲੀਆ ਅਤੇ ਪੂਨਮ ਸ਼ਰਮਾ ਸ਼ਾਮਲ ਸਨ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸਤਿੰਦਰ ਸਿੰਘ ਵੀ ਮੌਜੂਦ ਸਨ। ਸਾਰੇ ਮੇਅਰਾਂ ਨੇ ਪਿਛਲੇ 10 ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਦਾ ਲੇਖਾ-ਜੋਖਾ ਪੇਸ਼ ਕੀਤਾ। ਇਸ ਦੇ ਨਾਲ ਹੀ ਮਨੀਸ਼ ਤਿਵਾੜੀ ’ਤੇ ਵਿਕਾਸ ਦੇ ਨਾਂ ’ਤੇ ਝੂਠ ਬੋਲਣ ਦਾ ਦੋਸ਼ ਲਗਾਇਆ। ਸਾਬਕਾ ਮੇਅਰ ਰਵੀ ਕਾਂਤ ਸ਼ਰਮਾ ਨੇ 10 ਸਾਲਾਂ ਵਿੱਚ ਸ਼ਹਿਰ ਵਿੱਚ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੁੱਖ ਤੌਰ ’ਤੇ ਕੋਵਿਡ ਦੇ ਦਿਨਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਰੋਨਾ ਦੌਰਾਨ ਭਾਜਪਾ ਦੇ ਸਾਰੇ ਕੌਂਸਲਰਾਂ ਅਤੇ ਪਾਰਟੀ ਵਰਕਰਾਂ ਨੇ ਲੋਕ ਸੇਵਾ ਕੀਤੀ ਹੈ। ਪਿਛਲੇ 10 ਸਾਲਾਂ ਵਿੱਚ ਵਿਕਾਸ ਕਦੇ ਨਹੀਂ ਰੁਕਿਆ ਅਤੇ ਹਰ ਮੇਅਰ ਨੇ ਇਸ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਹੀ ਚੰਡੀਗੜ੍ਹ ਦੇ ਪਿੰਡਾਂ ਦੇ ਵਿਕਾਸ ਲਈ 102 ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਜਿਸ ਨਾਲ ਪਿੰਡਾਂ ਦਾ ਸੁਧਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚੋਂ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਕਰਨਾ ਤੇ ਮਨੀਮਾਜਰਾ ਵਿੱਚ ਅੰਡਰਪਾਸ ਬਣਾਉਣ ਦਾ ਕੰਮ ਵੀ ਭਾਜਪਾ ਵੱਲੋਂ ਹੀ ਕਰਵਾਇਆ ਗਿਆ ਹੈ। ਸਾਬਕਾ ਮੇਅਰ ਸੁਭਾਸ਼ ਚਾਵਲਾ ਨੇ ਕਿਹਾ ਕਿ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਪੂਰੇ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਸਾਰੀਆਂ ਸਟਰੀਟ ਲਾਈਟਾਂ ਨੂੰ ਐੱਲਈਡੀ ਲਾਈਟਾਂ ਨਾਲ ਬਦਲ ਦਿੱਤਾ ਗਿਆ ਹੈ। ਸ਼ਹਿਰ ਵਿੱਚ 1200 ਪੁਲੀਸ ਫਲੈਟਾਂ ਅਤੇ ਯੂਟੀ ਸਕੱਤਰੇਤ ਦੀ ਨਵੀਂ ਇਮਾਰਤ ਤਿਆਰ ਕੀਤੀ ਗਈ। ਸੈਕਟਰ 48 ਵਿੱਚ ਇੱਕ ਨਵਾਂ ਹਸਪਤਾਲ ਤੇ ਸਬੂਲਤਾਂ ਨਾਲ ਲੈਸ ਨਵਾਂ ਟਰਾਮਾ ਸੈਂਟਰ ਸ਼ੁਰੂ ਕੀਤਾ ਗਿਆ। ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ-16 ਵਿੱਚ ਨਵੀਂ ਓਪੀਡੀ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ।
ਤਿਵਾੜੀ ਨੇ ਲੁਧਿਆਣਾ ਤੇ ਆਨੰਦਪੁਰ ਸਾਹਿਬ ਵਿੱਚ ਕੁਝ ਨਹੀਂ ਕੀਤਾ: ਚਾਵਲਾ
ਸਾਬਕਾ ਮੇਅਰ ਸੁਭਾਸ਼ ਚਾਵਲਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਬਾਜਪਾ ਦੇ ਰਾਜ ਵਿੱਚ ਵਧੇਰੇ ਕੰਮ ਹੋਏ ਹਨ। ਪਰ ਮਨੀਸ਼ ਤਿਵਾੜੀ ਨੇ ਲੁਧਿਆਣਾ ਤੇ ਆਨੰਦਪੁਰ ਸਾਹਿਬ ਵਿੱਚ ਕੁਝ ਨਹੀਂ ਕੀਤਾ ਹੈ। ਇਸੇ ਕਰ ਕੇ ਉਹ ਲੁਧਿਆਣਾ ਤੇ ਆਨੰਦਪੁਰ ਸਾਹਿਬ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਉੱਥੇ ਵਾਪਸ ਨਹੀਂ ਗਏ। ਉਨ੍ਹਾਂ ਕਿਹਾ ਕਿ ਮਨੀਸ਼ ਤਿਵਾੜੀ ਨੂੰ ਲੋਕਾਂ ਦੇ ਸਾਹਮਣੇ ਲੁਧਿਆਣਾ ਤੇ ਆਨੰਦਪੁਰ ਸਾਹਿਬ ਵਿੱਚ ਕੀਤੇ ਕੰਮਾ ਦੇ ਵੇਰਵੇ ਵੀ ਰੱਖਣੇ ਚਾਹੀਦੇ ਹਨ।