ਚੰਡੀਗੜ੍ਹ, 6 ਜੁਲਾਈ
ਪੀਜੀਆਈ ਨੇ ਅੱਜ ਦੱਸਿਆ ਕਿ ਇਥੋਂ ਦੇ 69 ਫੀਸਦੀ ਬੱਚਿਆਂ ਵਿੱਚ ਟੈਸਟ ਦੌਰਾਨ ਐਂਟੀਬਾਡੀਜ਼ ਪਾਜ਼ੇਟਿਵ ਪਾਈ ਗਈ। ਇਸ ਨਾਲ ਸਪਸ਼ਟ ਹੋ ਚੁੱਕਾ ਹੈ ਕਿ ਇਹ ਬੱਚੇ ਕਰੋਨਾ ਦੀ ਲਾਗ ਨਾਲ ਪੀੜਤ ਹੋ ਚੁੱਕੇ ਹਨ। ਇਹ ਖੁਲਾਸਾ ਅੰਤਰਿਮ ਸੀਰੋ ਸਰਵੇ ਵਿਚ ਹੋਇਆ ਹੈ। ਪੀਜੀਆਈ 6 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਕੋਵਿਡ ਸੀਰੋ ਸਰਵੇ ਕਰ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਬੱਚਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਸ ਕਾਰਨ ਪੀਜੀਆਈ ਵਲੋਂ ਸਰਵੇਖਣ ਕਰਵਾਇਆ ਜਾ ਰਿਹਾ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਦੱਸਿਆ ਕਿ 24 ਜੂਨ ਤੋਂ ਸ਼ੁਰੂ ਕਰਵਾਏ ਗਏ ਸਰਵੇਖਣ ਵਿੱਚ ਹੁਣ ਤੱਕ 756 ਬੱਚਿਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 519 ਵਿੱਚ ਐਂਟੀਬਾਡੀਜ਼ ਬਣੀਆਂ ਹੋਈਆਂ ਪਾਈਆਂ ਗਈਆਂ। ਇਹ ਸਰਵੇਖਣ 24 ਜੂਨ ਨੂੰ ਸ਼ੁਰੂ ਹੋਇਆ ਸੀ।-ਪੀਟੀਆਈ