ਚੰਡੀਗੜ੍ਹ: ਇੱਥੇ ਚੰਡੀਗੜ੍ਹ ਟਰੇਡਰਜ਼ ਐਸੋਸੀਏਸ਼ਨ ਸੈਕਟਰ 17 ਦੀ ਮੀਟਿੰਗ ਪ੍ਰਧਾਨ ਕਮਲਜੀਤ ਸਿੰਘ ਪੰਛੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਆਗਾਮੀ ਤਿਉਹਾਰਾਂ ਦੇ ਸੀਜ਼ਨ ’ਚ ਆਉਣ ਵਾਲੀ ਦਿੱਕਤਾਂ ਬਾਰੇ ਗੱਲਬਾਤ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਮੈਂਬਰਾਂ ਨੇ ਤਿਉਹਾਰਾਂ ’ਤੇ ਵਿਦੇਸ਼ੀ ਵਸਤਾਂ ਦੀ ਵਰਤੋਂ ਨਾ ਕਰਨ ਦਾ ਫ਼ੈਸਲਾ ਕੀਤਾ ਜਦਕਿ ਲੋਕਾਂ ਨੂੰ ਤਿਉਹਾਰਾਂ ’ਤੇ ਸਵਦੇਸ਼ੀ ਵਸਤਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਪ੍ਰਧਾਨ ਪੰਛੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਾਰਨ ਦੇਸ਼ ਦੀ ਅਰਥਵਿਵਸਥਾ ’ਤੇ ਬਹੁਤ ਅਸਰ ਪਿਆ ਹੈ। ਜੇਕਰ ਤਿਉਹਾਰਾਂ ’ਤੇ ਸਵਦੇਸ਼ੀ ਵਸਤਾਂ ਦੀ ਖ਼ਰੀਦ ਕੀਤੀ ਜਾਵੇਗੀ ਤਾਂ ਦੇਸ਼ ਦੇ ਲੋਕਾਂ ਦਾ ਕਾਰੋਬਾਰ ਮੁੜ ਲੀਹ ’ਤੇ ਆ ਜਾਵੇਗਾ। ਉਨ੍ਹਾਂ ਸਾਰਿਆਂ ਨੂੰ ਤਿਉਹਾਰਾਂ ’ਤੇ ਸਵਦੇਸ਼ੀ ਵਸਤੂਆਂ ਦੀ ਖ਼ਰੀਦਦਾਰੀ ਕਰਨ ਲਈ ਪ੍ਰੇਰਿਤ ਕੀਤਾ। -ਟਨਸ