ਪੱਤਰ ਪ੍ਰੇਰਕ
ਚੰਡੀਗੜ੍ਹ, 23 ਮਈ
‘ਆਪ’ ਪੰਜਾਬ ਦੇ ਐਕਸ ਐਂਪਲਾਈਜ਼ ਵਿੰਗ ਨੇ ਬੀਤੇ ਦਿਨ ਬੁਢਲਾਡਾ ਮੰਡੀ ਵਿੱਚ ਚੋਣ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਅਤੇ ਹੋਰ ਮੁਲਾਜ਼ਮ ਮੰਗਾਂ ਸਬੰਧੀ ਦਿੱਤੇ ਬਿਆਨ ਦੀ ਸ਼ਲਾਘਾ ਕੀਤੀ ਹੈ। ਪਾਰਟੀ ਦੇ ਐਕਟਿੰਗ ਪ੍ਰਧਾਨ ਤੇ ਮੁਲਾਜ਼ਮ ਵਿੰਗ ਦੇ ਸਰਪ੍ਰਸਤ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੇ ਯਤਨਾਂ ਸਦਕਾ ਹੋਈ ਇਸ ਰੈਲੀ ਵਿੱਚ ਐਂਪਲਾਈਜ਼ ਵਿੰਗ ਦੇ ਸੂਬਾਈ ਆਗੂਆਂ ਜਨਰਲ ਸਕੱਤਰ ਹਰਮੰਦਰ ਸਿੰਘ ਬਰਾੜ, ਸਕੱਤਰ ਗੁਰਦਰਸ਼ਨ ਸਿੰਘ ਪਟਵਾਰੀ, ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਬਚਿੱਤਰ ਸਿੰਘ ਪਟਿਆਲਾ, ਰਣਜੀਤ ਸਿੰਘ ਢਿੱਲੋਂ, ਅਪਨਿੰਦਰ ਸਿੰਘ ਘੜੂੰਆਂ ਆਦਿ ਵੱਲੋਂ ਮੁੱਖ ਮੰਤਰੀ ਨੂੰ ਮੁਲਾਜ਼ਮ/ਪੈਨਸ਼ਨਰ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ। ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਰੈਲੀ ਵਿੱਚ ਮੁੱਖ ਮੰਤਰੀ ਨੇ ਮੰਗ ਪੱਤਰ ਦੀ ਪ੍ਰੋੜ੍ਹਤਾ ਕਰਦਿਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਅਹਿਮ ਐਲਾਨ ਕੀਤੇ, ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਦਾ ਮੁੱਦਾ ਹੱਲ ਕਰਨਾ ਅਤੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਜਨਤਕ ਤੌਰ ’ਤੇ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਪੈਨਸ਼ਨ ਸਕੀਮ ਸਾਲ 2004 ਵਿੱਚ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਬੰਦ ਕਰ ਦਿੱਤੀ ਸੀ ਅਤੇ ਹੁਣ ਜਦੋਂ ਪੰਜਾਬ ਦੀ ‘ਆਪ’ ਸਰਕਾਰ ਨੇ ਪਿਛਲੇ ਸਮੇਂ ਵਿੱਚ ਲਾਗੂ ਕਰਨ ਦੇ ਯਤਨ ਕੀਤੇ ਤਾਂ ਫਿਰ ਕੇਂਦਰ ਦੀ ਭਾਜਪਾ ਸਰਕਾਰ ਨੇ ਐੱਨਪੀਐੱਸ ਦਾ ਫੰਡ ਜਾਰੀ ਕਰਨ ਤੋਂ ਇਨਕਾਰ ਦਿੱਤਾ।