ਜਗਮੋਹਨ ਸਿੰਘ
ਘਨੌਲੀ, 17 ਅਕਤੂਬਰ
ਭਰਤਗੜ੍ਹ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਚੁਕਾਈ ਦਾ ਕੰਮ ਬੇਹੱਦ ਸੁਸਤ ਰਫ਼ਤਾਰ ਨਾਲ ਚੱਲਣ ਕਾਰਨ ਮੰਡੀ ਵਿੱਚ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਭਰਤਗੜ੍ਹ ਦੀ ਅਨਾਜ ਮੰਡੀ ਵਿੱਚ ਹੁਣ ਤਕ ਲਗਪਗ 10 ਹਜ਼ਾਰ ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ ਖਰੀਦ ਏਜੰਸੀ ਮਾਰਕਫੈੱਡ ਵੱਲੋਂ 9706 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੰਡੀ ਵਿਚ ਮੌਜੂਦ ਕਿਸਾਨਾਂ ਅਤੇ ਆੜ੍ਹਤੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਠੇਕੇਦਾਰ ਵੱਲੋਂ ਰੋਜ਼ਾਨਾ ਸਿਰਫ ਦੋ ਗੱਡੀਆਂ ਰਾਹੀਂ ਝੋਨੇ ਦੀ ਚੁਕਾਈ ਕੀਤੀ ਜਾ ਰਹੀ ਹੈ ਅਤੇ ਚੁਕਾਈ ਦਾ ਕੰਮ ਬੇਹੱਦ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਨੌਲੀ ਮੰਡੀ ਵਿੱਚ ਅਲੋਵਾਲ ’ਚ ਸਥਿਤ ਲੋਕਲ ਸ਼ੈਲਰ ਵੱਲੋਂ ਲਿਫਟਿੰਗ ਦਾ ਕੰਮ ਤੇਜ਼ੀ ਨਾਲ ਕੀਤਾ ਜਾਣ ਦੇ ਬਾਵਜੂਦ ਉਥੇ ਹੋਰ ਸ਼ੈੱਲਰਾਂ ਦੇ ਆਰ.ਓ. ਵੀ ਕੱਟੇ ਜਾ ਰਹੇ ਹਨ ਜਦੋਂ ਕਿ ਭਰਤਗੜ੍ਹ ਦੀ ਮੰਡੀ ਵਿੱਚ ਠੇਕੇਦਾਰ ਸਿਰਫ਼ ਦੋ ਗੱਡੀਆਂ ਨਾਲ ਹੀ ਝੋਨੇ ਦੀ ਚੁਕਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੁਕਾਈ ਦੀ ਰਫਤਾਰ ਧੀਮੀ ਹੋਣ ਕਾਰਨ ਮੰਡੀ ਵਿੱਚ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ ਤੇ ਮੰਡੀ ਵਿੱਚ ਝੋਨਾ ਸੁੱਟਣ ਲਈ ਜਗ੍ਹਾ ਦੀ ਘਾਟ ਮਹਿਸੂਸ ਹੋਣ ਲੱਗ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਭਰਤਗੜ੍ਹ ਦੀ ਮੰਡੀ ਵਿੱਚ ਜਾਂ ਤਾਂ ਗੱਡੀਆਂ ਦੀ ਗਿਣਤੀ ਵਧਾਈ ਜਾਵੇ ਜਾਂ ਫਿਰ ਲੋਕਲ ਸ਼ੈਲਰ ਦਾ ਆਰਓ ਕੱਟਿਆ ਜਾਵੇ।
ਉੱਧਰ, ਠੇਕੇਦਾਰ ਕਮਲ ਨੇ ਕਿਹਾ ਕਿ ਗੱਡੀਆਂ ਲੋਡ ਕਰਨ ਵਾਲੇ ਮਜ਼ਦੂਰ ਦਸਹਿਰੇ ਕਾਰਨ ਚਲੇ ਗਏ ਸਨ ਜਿਸ ਕਰਕੇ ਸਮੱਸਿਆ ਪੇਸ਼ ਆਈ ਪਰ ਹੁਣ ਲਿਫਟਿੰਗ ਦਾ ਕੰਮ ਤੇਜ਼ ਕਰ ਦਿੱਤਾ ਜਾਵੇਗਾ ।