ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੁਲਾਈ
ਪੰਚ ਲੱਖ ਰੁਪਏ ਰਿਸ਼ਵਤ ਮੰਗਣ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰਨ ਵਾਲੀ ਥਾਣਾ ਮਨੀਮਾਜਰਾ ਦੀ ਸਾਬਕਾ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਕੌਰ ਦੇ ਖ਼ਿਲਾਫ਼ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਗੈਰਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ 20 ਜੁਲਾਈ ਨੂੰ ਹੋਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਅਦਾਲਤ ਵਿੱਚ ਸੀਬੀਆਈ ਦੇ ਇੰਸਪੈਕਟਰ ਐੱਸਐੱਸ ਰਾਠੌੜ ਅਤੇ ਸੀਬੀਆਈ ਦੇ ਵਕੀਲ ਕੇ.ਪੀ. ਸਿੰਘ ਹਾਜ਼ਰ ਹੋਏ। ਊਨ੍ਹਾਂ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਦਿਆਂ ਥਾਣਾ ਮਨੀਮਾਜਰਾ ਦੀ ਸਾਬਕਾ ਥਾਣਾ ਮੁਖੀ ਜਸਵਿੰਦਰ ਕੌਰ ਦੇ ਗੈਰਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਜਸਵਿੰਦਰ ਕੌਰ ਨੂੰ ਫੋਨ ਰਾਹੀਂ ਸੀਬੀਆਈ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਸੀ ਪਰ 30 ਜੂਨ ਤੋਂ ਉਹ ਫ਼ਰਾਰ ਚਲ ਰਹੀ ਹੈ। ਸੀਬੀਆਈ ਅਨੁਸਾਰ ਸਾਬਕਾ ਥਾਣਾ ਮੁਖੀ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ। ਮਾਨਯੋਗ ਅਦਾਲਤ ਨੇ ਸੀਬੀਆਈ ਦੀ ਅਰਜ਼ੀ ਨੂੰ ਮਨਜ਼ੂਰ ਕਰਦਿਆਂ ਸਾਬਕਾ ਥਾਣਾ ਮੁਖੀ ਦੇ ਗੈਰਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਇਸੇ ਦੌਰਾਨ ਅਦਾਲਤ ਨੇ ਹਦਾਇਤ ਦਿੱਤੀ ਹੈ ਕਿ ਇੰਸਪੈਕਟਰ ਜਸਵਿੰਦਰ ਕੌਰ ਨੂੰ ਗ੍ਰਿਫ਼਼ਤਾਰ ਕਰਨ ਲਈ ਚਾਰਾਜੋਈ ਤੇਜ਼ ਕੀਤੀ ਜਾਵੇ ਤੇ ਊਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇ।
ਮਾਮਲੇ ਦੇ ਵੇਰਵੇ
ਮਨੀਮਾਜਰਾ ਦੇ ਵਸਨੀਕ ਗੁਰਦੀਪ ਸਿੰਘ ਨੇ 26 ਜੂਨ ਨੂੰ ਸੀਬੀਆਈ ਕੋਲ ਸ਼ਿਕਾਇਤ ਕੀਤੀ ਸੀ ਕਿ 10 ਜੂਨ ਨੂੰ ਥਾਣਾ ਮਨੀਮਾਜਰਾ ਦੀ ਮੁਖੀ ਜਸਵਿੰਦਰ ਕੌਰ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਰਣਧੀਰ ਸਿੰਘ ਨਾਮ ਦੇ ਵਿਅਕਤੀ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਵਾਉਣ ਲਈ 27 ਲੱਖ ਰੁਪਏ ਲੈਣ ਸਬੰਧੀ ਸ਼ਿਕਾਇਤ ਆਈ ਹੈ। ਉਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਇੰਸਪੈਕਟਰ ਜਸਵਿੰਦਰ ਕੌਰ ਨੇ ਉਸ ’ਤੇ ਕੇਸ ਦਰਜ ਨਾ ਕਰਨ ਬਦਲੇ ਪੰਜ ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗੀ ਸੀ। ਪੰਜ ਲੱਖ ਵਿੱਚੋਂ ਪਹਿਲੀ ਕਿਸ਼ਤ ਗੁਰਦੀਪ ਸਿੰਘ ਨੇ ਵਿਚੋਲੇ ਭਗਵਾਨ ਸਿੰਘ ਨੂੰ ਸੰਗਰੂਰ ਵਿੱਚ ਦੇ ਦਿੱਤੀ ਸੀ ਪਰ ਇਸ ਤੋਂ ਬਾਅਦ ਜਦੋਂ ਉਹ ਦੂਜੀ ਕਿਸ਼ਤ 29 ਜੂਨ ਦੀ ਰਾਤ ਨੂੰ ਦੇਣ ਲਈ ਪਹੁੰਚਿਆ ਤਾਂ ਸੀਬੀਅਈ ਨੇ ਟਰੈਪ ਲਗਾ ਕੇ ਭਗਵਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਅਗਲੇ ਦਿਨ ਹੀ ਇੰਸਪੈਕਟਰ ਜਸਵਿੰਦਰ ਕੌਰ ਫ਼ਰਾਰ ਹੋ ਗਈ ਸੀ।