ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 25 ਨਵੰਬਰ
ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੀਪੀਐੱਫ਼ ਐਂਪਲਾਈਜ਼ ਯੂਨੀਅਨ ਵੱਲੋਂ ਅੱਜ ਇੱਥੋਂ ਫੇਜ਼-8 ਸਥਿਤ ਸਿੱਖਿਆ ਬੋਰਡ ਅਤੇ ਪੁੱਡਾ ਭਵਨ ਨੇੜੇ ਲਾਲ ਬੱਤੀ ਚੌਕ ’ਤੇ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕਰਦਿਆਂ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਯੂਨੀਅਨ ਦੇ ਮੁਹਾਲੀ ਇਕਾਈ ਦੇ ਪ੍ਰਧਾਨ ਸ਼ਿਵ ਕੁਮਾਰ ਰਾਣਾ ਤੇ ਹੋਰਨਾਂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਸਖ਼ਤ ਨਿਖੇਧੀ ਕੀਤੀ। ਯੂਨੀਅਨ ਆਗੂਆਂ ਸ਼ਿਵ ਕੁਮਾਰ ਰਾਣਾ ਅਤੇ ਅਮਿਤ ਕਟੋਚ ਨੇ ਕਿਹਾ ਕਿ ਪੂਰੀ ਜ਼ਿੰਦਗੀ ਨੌਕਰੀ ਕਰ ਚੁੱਕੇ ਮੁਲਾਜ਼ਮ ਲਈ ਸਿਰਫ਼ ਪੈਨਸ਼ਨ ਹੀ ਬੁਢਾਪੇ ਦਾ ਸਹਾਰਾ ਬਣਦੀ ਹੈ, ਪਰ ਸਰਕਾਰਾਂ ਹੁਣ ਮੁਲਾਜ਼ਮਾਂ ਤੋਂ ਇਹ ਹੱਕ ਵਿੱਚ ਖੋਹਣ ’ਤੇ ਲੱਗੀਆਂ ਹੋਈਆਂ ਹਨ ਜਦੋਂਕਿ ਮੰਤਰੀ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਕਈ ਕਈ ਪੈਨਸ਼ਨਾਂ ਅਤੇ ਹੋਰ ਨਵਾਬੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।