ਸਰਬਜੀਤ ਸਿੰਘ ਭੱਟੀ
ਲਾਲੜੂ, 8 ਸਤੰਬਰ
ਖੇਤਰ ਵਿੱਚ ਚਿੱਟੇ ਦੁੱਧ ਦਾ ਕਾਲਾ ਕਾਰੋਬਾਰ ਪਿਛਲੇ ਲੰਮੇ ਸਮੇਂ ਤੋਂ ਕਥਿਤ ਤੌਰ ’ਤੇ ਸਰਕਾਰੀ ਅਧਿਕਾਰੀਆਂ ਦੀ ਨੱਕ ਹੇਠ ਪ੍ਰਫੁੱਲਤ ਹੋ ਰਿਹਾ ਹੈ, ਜਿਸ ਕਾਰਨ ਸੈਂਕੜੇ ਕੁਇੰਟਲ ਕੈਮੀਕਲ ਵਾਲਾ ਨਕਲੀ ਦੁੱਧ, ਦਹੀਂ, ਮੱਖਣ, ਪਨੀਰ, ਖੋਆ ਇਲਾਕੇ ਦੇ ਦਰਜਨਾ ਪਿੰਡਾਂ ਅੰਦਰ ਘਰਾਂ ਵਿੱਚ ਹੀ ਬਣ ਕੇ ਤਿਆਰ ਹੋ ਰਿਹਾ ਹੈ। ਇਸ ਦਾ ਇਸਤੇਮਾਲ ਕਰਨ ਨਾਲ ਲੋਕ ਵੱਖ ਵੱਖ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਾਣਕਾਰੀ ਮੁਤਾਬਿਕ ਜਿਨ੍ਹਾ ਕੋਲ ਦੁੱਧ ਦੇਣ ਵਾਲਾ ਕੋਈ ਪਸ਼ੂ ਵੀ ਨਹੀ, ਉਹ ਵੀ ਹਰ ਰੋਜ਼ ਕੁਇੰਟਲਾਂ ਦੇ ਹਿਸਾਬ ਨਾਲ ਦੁੱਧ ਅਤੇ ਦੁੱਧ ਨਾਲ ਬਣਿਆ ਵਸਤਾਂ ਦੀ ਸਪਲਾਈ ਕਰਦੇ ਹਨ। ਇਹ ਗੋਰਖ ਧੰਦਾ ਲਾਲੜੂ ਸਮੇਤ ਮੀਰਪੁਰਾ, ਬਸੌਲੀ, ਸੀਂਹਪੁਰ, ਰਾਣੀਮਾਜਰਾ, ਹੰਡੇਸਰਾ, ਜਿਉਲੀ, ਸਿਉਲੀ, ਬਲਟਾਣਾ, ਜੌਲਾ ਕਲਾਂ, ਨਗਲਾ, ਭੁੱਖੜੀ ਸਮੇਤ ਹੋਰ ਕਈ ਪਿੰਡਾਂ ਵਿੱਚ ਚੱਲ ਰਿਹਾ ਹੈ, ਜਿਸ ਕਾਰਨ ਨੌਜਵਾਨ ਆਗੂ ਜਿੰਦਰ ਸਿੰਘ ਤੁਰਕਾ, ਲਖਵਿੰਦਰ ਸਿੰਘ ਹੈਪੀ ਮਲਕਪੁਰ, ਸਰਪੰਚ ਕੁਲਦੀਪ ਸਿੰਘ ਹੰਮਾਯੂਪੁਰ, ਸਰਪੰਚ ਨੈਬ ਸਿੰਘ ਬਾਜਵਾ ਤਸਿੰਬਲੀ ਨੇ ਦੱਸਿਆ ਕਿ ਇਸ ਕਾਲੇ ਕਾਰੋਬਾਰ ਦੇ ਕਾਰਨ ਅਸਲੀ ਦੁੱਧ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਪ੍ਰਭਾਵਿਤ ਹੋ ਰਹੇ ਹਨ। ਲੋਕਾਂ ਦੀ ਸਿਹਤ ਵਿਭਾਗ ਤੋਂ ਮੰਗ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਗੈਰ ਮਿਆਰੀ ਦੁੱਧ ਦੀਆਂ ਵਸਤਾਂ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।