ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 24 ਜੂਨ
ਚੰਡੀਗੜ੍ਹ ਭਾਜਪਾ ਸਾਬਕਾ ਪ੍ਰਧਾਨ ਤੇ ਸਾਬਕਾ ਮੇਅਰ ਅਰੁਣ ਸੂਦ ਨੇ ਵਫ਼ਦ ਨਾਲ ਸ਼ਹਿਰ ਵਿੱਚ ਪ੍ਰਸ਼ਾਸਨ ਵੱਲੋਂ ਜਨਤਕ ਥਾਵਾਂ ’ਤੇ ਕੀਤੀਆਂ ਨਾਜਾਇਜ਼ ਉਸਾਰੀਆਂ ਨੂੰ ਹਟਾਉਣ ਅਤੇ ਪਿੰਡ ਦੇ ਲਾਲ ਡੋਰੇ ਤੋਂ ਬਾਹਰ ਪਾਣੀ ਦੇ ਨਾਜਾਇਜ਼ ਕੁਨੈਕਸ਼ਨ ਕੱਟਣ ਲਈ ਜਾਰੀ ਹੁਕਮਾਂ ਬਾਰੇ ਸੋਮਵਾਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਸ੍ਰੀ ਸੂਦ ਨੇ ਪ੍ਰਸ਼ਾਸਕ ਕੋਲ ਪ੍ਰਸ਼ਾਸਨ ਵੱਲੋਂ 106 ਧਾਰਮਿਕ ਸਥਾਨਾਂ ਨੂੰ ਢਾਹੁਣ ਦੇ ਹੁਕਮ ਜਾਰੀ ਕਰਨ ਦਾ ਮੁੱਦਾ ਚੁੱਕਿਆ। ਸ੍ਰੀ ਸੂਦ ਨੇ ਪ੍ਰਸ਼ਾਸਕ ਨੂੰ ਇਨ੍ਹਾਂ ਉਸਾਰੀਆਂ ਨੂੰ ਰੈਗੂਲਰ ਕਰਨ ਦੀ ਅਪੀਲ ਕੀਤੀ। ਸ੍ਰੀ ਸੂਦ ਨੇ ਪ੍ਰਸ਼ਾਸਨ ਕੋਲ ਚੰਡੀਗੜ੍ਹ ਦੇ 22 ਪਿੰਡਾਂ ਦੇ ਲਾਲ-ਡੋਰੇ ਤੋਂ ਬਾਹਰ ਦੇ ਘਰਾਂ ਨੂੰ ਜਾਰੀ ਕੀਤੇ ਪਾਣੀ ਦੇ ਕੁਨੈਕਸ਼ਨ ਕੱਟਣ ਦੇ ਹੁਕਮਾਂ ਦਾ ਮਾਮਲਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਪਾਣੀ ਸਾਰੇ ਨਾਗਰਿਕਾਂ ਲਈ ਜ਼ਰੂਰੀ ਹੈ ਅਤੇ ਇਹ ਘਰ ਦਹਾਕਿਆਂ ਤੋਂ ਮੌਜੂਦ ਹਨ ਤੇ ਪਾਣੀ ਦੇ ਕੁਨੈਕਸ਼ਨ ਉਚਿਤ ਪ੍ਰਕਿਰਿਆ ਤੋਂ ਬਾਅਦ ਦਿੱਤੇ ਗਏ ਹਨ।
ਮੁਲਾਕਾਤ ਦੌਰਾਨ ਵਫ਼ਦ ਵੱਲੋਂ ਪ੍ਰਸ਼ਾਸਕ ਨੂੰ ਅਪੀਲ ਕੀਤੀ ਗਈ ਕਿ ਮਲੋਆ ਵਿੱਚ ਪ੍ਰਸ਼ਾਸਨ ਵੱਲੋਂ ਮਾਰਬਲ ਮਾਰਕੀਟ ਲਈ ਨਵੀਂ ਜਗ੍ਹਾ ਅਲਾਟ ਕਰਨ ਦੀ ਤਰਜ਼ ’ਤੇ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਦਾ ਵੀ ਮੁੜ ਵਸੇਬਾ ਕੀਤਾ ਜਾਵੇ। ਸ੍ਰੀ ਸੂਦ ਨੇ ਦੱਸਿਆ ਕਿ ਪ੍ਰਸ਼ਾਸਕ ਨੇ ਇਨ੍ਹਾਂ ਮਸਲਿਆਂ ’ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਿਲ ਕੇ ਇਸ ਦਾ ਕੋਈ ਢੁਕਵਾਂ ਹੱਲ ਕੱਢਣ ਦਾ ਭਰੋਸਾ ਦਿੱਤਾ। ਇਸੇ ਦੌਰਾਨ ਸਾਬਕਾ ਮੇਅਰ ਅਰੁਣ ਸੂਦ ਨੇ ਕਿਹਾ ਕਿ ‘ਆਪ’ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਦੀ ਮਦਦ ਨਾਲ ਸ਼ਹਿਰ ਵਿੱਚ ਆਪਣਾ ਮੇਅਰ ਬਣਾਉਣ ਵਿੱਚ ਕਾਮਯਾਬ ਹੋਈ ਹੈ ਪਰ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਅਸਮਰੱਥ ਹੈ।