ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਸਤੰਬਰ
ਇਥੇ ਸੈਕਟਰ-17 ਵਿੱਚ ਬੱਸ ਅੱਡੇ ਦੇ ਬਾਹਰ ਚੰਡੀਗੜ੍ਹ ਪੁਲੀਸ ਦੇ ਏਐੱਸਆਈ ਵੱਲੋਂ ਅੱਜ ਹੰਗਾਮਾ ਕੀਤਾ ਗਿਆ। ਘਟਨਾ ਵਾਲੀ ਥਾਂ ’ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਪੀਸੀਆਰ ਦੇ ਮੁਲਾਜ਼ਮਾਂ ਵੱਲੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਤੇ ਏਐੱਸਆਈ ਨੇ ਪੀਸੀਆਰ ਮੁਲਾਜ਼ਮਾਂ ਨਾਲ ਵੀ ਕਥਿਤ ਤੌਰ ’ਤੇ ਮਾੜਾ ਸਲੂਕ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਦੇ ਏਐੱਸਆਈ ਦੀ ਡਿਊਟੀ ਸੈਕਟਰ-17 ਬੱਸ ਅੱਡੇ ਦੇ ਬਾਹਰ ਲੱਗੀ ਹੋਈ ਸੀ ਜਿਥੇ ਉਸ ਵੱਲੋਂ ਵਾਹਨਾਂ ਦੇ ਕਾਗਜ਼ਾਤਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਏਐੱਸਆਈ ਨੇ ਇਕ ਔਰਤ ਦੀ ਗੱਡੀ ਦੇ ਕਥਿਤ ਤੌਰ ’ਤੇ ਵਾਈਪਰ ਤੋੜ ਦਿੱਤੇ। ਇਸ ਤੋਂ ਬਾਅਦ ਮਾਮਲਾ ਭੱਖ ਗਿਆ। ਇਸੇ ਦੌਰਾਨ ਉੱਥੋਂ ਲੰਘ ਰਹੇ ਲੋਕਾਂ ਨੇ ਏਐੱਸਆਈ ਨੂੰ ਸਮਝਾਊਣ ਦੀ ਕੋਸ਼ਿਸ਼ ਕੀਤੀ ਕਿ ਊਹ ਲੋਕਾਂ ਨਾਲ ਦੁਰਵਿਹਾਰ ਨਾ ਕਰੇ ਪਰ ਉਸ ਨੇ ਲੋਕਾਂ ਨਾਲ ਵੀ ਮਾੜਾ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਮੌਕੇ ’ਤੇ ਪਹੁੰਚੇ ਪੀਸੀਆਰ ਦੇ ਮੁਲਾਜ਼ਮਾਂ ਨੂੰ ਵੀ ਏਐੱਸਆਈ ਨੂੰ ਕਥਿਤ ਤੌਰ ’ਤੇ ਅਪਸ਼ਬਦ ਬੋਲੇ।
ਮਾਮਲੇ ਦੀ ਜਾਂਚ ਜਾਰੀ: ਡੀਐੱਸਪੀ
ਪੁਲੀਸ ਦੇ ਬੁਲਾਰੇ ਡੀਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਵੱਲੋਂ ਸੈਕਟਰ-17 ਵਿੱਚ ਜੋ ਹੰਗਾਮਾ ਕੀਤਾ ਗਿਆ ਉਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਏਐੱਸਆਈ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਸਾਲ 2015 ਤੋਂ ਪੀਜੀਆਈ ’ਚ ਇਲਾਜ ਚੱਲ ਰਿਹਾ ਹੈ ਤੇ ਊਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ।। ਡੀਐੱਸਪੀ ਨੇ ਦੱਸਿਆ ਕਿ ਫਿਲਹਾਲ ਏਐੱਆਈ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।