ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਚੰਡੀਗੜ੍ਹ ਵਿੱਚ ਲੰਘੀ ਰਾਤ ਸੀਬੀਆਈ ਦੀ ਗ੍ਰਿਫਤਾਰੀ ਦੇ ਡਰ ਤੋਂ ਕਥਿਤ ਤੌਰ ’ਤੇ ਖੁਦਕੁਸ਼ੀ ਕਰਨ ਵਾਲੇ ਏਐੱਸਆਈ ਵਿਜੇਂਦਰ ਸਿੰਘ ਦੀ ਲਾਸ਼ ਪੋਸਟਮਾਰਟਮ ਕਰਨ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਵਿਜੇਂਦਰ ਦਾ ਪੋਸਟਮਾਰਟਮ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਹੋਇਆ ਹੈ। ਹਾਲਾਂਕਿ, ਪੀੜਤ ਪਰਿਵਾਰ ਨੇ ਪੁਲੀਸ ਕੋਲ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉੱਧਰ, ਚੰਡੀਗੜ੍ਹ ਪੁਲੀਸ ਨੇ ਧਾਰਾ 174 ਅਧੀਨ ਕਾਰਵਾਈ ਕਰ ਦਿੱਤੀ ਹੈ। ਸੀਬੀਆਈ ਨੇ ਸੈਕਟਰ-26 ਦੇ ਥਾਣੇ ਵਿੱਚੋਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਇਕ ਏਐੱਸਆਈ ਨੂੰ ਹਿਰਾਸਤ ਵਿੱਚ ਲਿਆ ਸੀ, ਜਿਸ ਨੂੰ ਦੇਰ ਰਾਤ ਛੱਡ ਦਿੱਤਾ। ਦੂਜੇ ਪਾਸੇ ਸੀਬੀਆਈ ਦੀ ਗ੍ਰਿਫਤਾਰੀ ਦੇ ਡਰ ਤੋਂ ਏਐੱਸਆਈ ਵਿਜੇਂਦਰ ਸਿੰਘ ਥਾਣੇ ਵਿੱਚੋਂ ਫਰਾਰ ਹੋ ਗਿਆ ਸੀ, ਜਿਸ ਨੇ ਲੰਘੀ ਰਾਤ ਖੁਦਕੁਸ਼ੀ ਕਰ ਲਈ ਹੈ।