ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 20 ਜੂਨ
ਯੂਟੀ ਦੇ ਸਕੂਲਾਂ ਵਿਚ ਪੜ੍ਹਾਉਂਦੇ ਕੰਪਿਊਟਰ ਅਧਿਆਪਕਾਂ ਨੂੰ ਠੇਕੇਦਾਰ ਨੇ ਠੇਕਾ ਨਵਿਆਉਣ ਲਈ 12 ਹਜ਼ਾਰ ਰੁਪਏ ਦੇਣ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ। ਇਹ ਰਕਮ ਨਾ ਦੇਣ ਦੀ ਸੂਰਤ ਵਿਚ ਸੀਨੀਅਰ ਤੇ ਜੂਨੀਅਰ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੀ ਚਿਤਾਵਨੀ ਦੇ ਦਿੱਤੀ ਹੈ ਪਰ ਅਧਿਆਪਕਾਂ ਨੇ ਇਹ ਰਕਮ ਦੇਣ ਤੋਂ ਅਸਮਰੱਥਤਾ ਪ੍ਰਗਟਾਈ ਹੈ। ਦੂਜੇ ਪਾਸੇ ੇਅਧਿਕਾਰੀਆਂ ਨੇ ਇਸ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਵੇਲੇ ਸਰਕਾਰੀ ਸਕੂਲਾਂ ਵਿਚ 130 ਦੇ ਕਰੀਬ ਕੰਪਿਊਟਰ ਅਧਿਆਪਕ ਡੀਸੀ ਰੇਟਾਂ ‘ਤੇ ਪੜ੍ਹਾ ਰਹੇ ਹਨ ਤੇ ਜੂਨੀਅਰ ਕੰਪਿਊਟਰ ਅਧਿਆਪਕਾਂ ਨੂੰ 26000 ਤੇ ਸੀਨੀਅਰ ਕੰਪਿਊਟਰ ਅਧਿਆਪਕਾਂ ਨੂੰ 30000 ਰੁਪਏ ਪ੍ਰਤੀ ਮਹੀਨਾ ਮਿਲ ਰਹੇ ਹਨ। ਇਨ੍ਹਾਂ ਅਧਿਆਪਕਾਂ ਦਾ ਠੇਕਾ ਪੰਚਕੂਲਾ ਦੇ ਆਰ ਆਰ ਇੰਟਰਪ੍ਰਾਈਜ਼ਿਜ਼ ਨੂੰ ਮਿਲਿਆ ਹੈ। ਇਸ ਕੰਪਨੀ ਦੇ ਠੇਕੇਦਾਰ ਨੇ ਅਧਿਆਪਕਾਂ ਨੂੰ ਕਹਿ ਦਿੱਤਾ ਹੈ ਕਿ ਜੇ 12000 ਰੁਪਏ ਵਿਚ ਰਜਿਸਟਰੇਸ਼ਨ ਨਹੀਂ ਕਰਵਾਈ ਤਾਂ ਉਹ 1 ਜੁਲਾਈ ਤੋਂ ਸਕੂਲ ਨਾ ਆਉਣ।
ਯੂਟੀ ਕੇਡਰ ਐਜੂਕੇਸ਼ਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕਈ ਅਧਿਆਪਕ 15-15 ਸਾਲਾਂ ਤੋਂ ਕੰਮ ਕਰ ਰਹੇ ਹਨ। ਜੇ ਉਨ੍ਹਾਂ ਦਾ ਠੇਕਾ ਨਵਿਆਇਆ ਨਹੀਂ ਗਿਆ ਤਾਂ ਉਹ ਸੜਕਾਂ ‘ਤੇ ਆ ਜਾਣਗੇ ਸ੍ਰੀ ਕੰਬੋਜ ਨੇ ਦੱਸਿਆ ਕਿ ਇਕ ਪਾਸੇ ਅਧਿਆਪਕਾਂ ਨੂੰ ਕਰੋਨਾ ਦੀ ਮਾਰ ਪੈ ਰਹੀ ਹੈ ਦੂਜੇ ਪਾਸੇ ਠੇਕੇਦਾਰ ਡੀਸੀ ਰੇਟਾਂ ਰਾਹੀਂ ਅਧਿਆਪਕਾਂ ਦਾ ਸੋਸ਼ਣ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਰਜਿਸਟਰੇਸ਼ਨ ਕਰਵਾਉਣ ਦੀ ਰਿਸੀਦ ਵੀ ਨਹੀਂ ਦੇ ਰਿਹਾ ਤੇ ਅਜਿਹਾ ਕਰ ਕੇ ਉਹ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਿਹਾ ਹੈ। ਕੰਿਪਊਟਰ ਅਧਿਆਪਕਾਂ ਨੇ ਦੱਸਿਆ ਕਿ ਉਹ ਮਹੀਨੇ ਦੇ 12000 ਰਜਿਸਟਰੇਸ਼ਨ ਨਹੀਂ ਦੇ ਸਕਦੇ ਹਨ।
ਅਧਿਆਪਕਾਂ ਦਾ ਸੋਸ਼ਣ ਨਹੀਂ ਹੋਣ ਦਿੱਤਾ ਜਾਵੇਗਾ: ਡਾਇਰੈਕਟਰ
ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਅਧਿਆਪਕਾਂ ਦਾ ਕਿਸੇ ਵੀ ਤਰ੍ਹਾਂ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਕੰਪਨੀ ਦੇ ਮਾਲਕ ਅਖਿਲ ਸ਼ਰਮਾ ਨੇ ਦੱਸਿਆ ਕਿ ਉਸ ਦਾ ਹਾਲੇ ਠੇਕਾ 1 ਜੁਲਾਈ ਤੋਂ ਸ਼ੁਰੂ ਹੋਣਾ ਹੈ ਤੇ ਉਸ ਨੂੰ ਆਪਣਾ ਸਟਾਫ ਰੱਖਣ ਦੀ ਪੂਰੀ ਆਜ਼ਾਦੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸਕੂਲਾਂ ਵਿਚ ਕੰਪਿਊਟਰ ਅਧਿਆਪਕ ਪਹਿਲਾਂ ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਆਈ ਟੀ ਵਲੋਂ ਰੱਖੇ ਜਾਂਦੇ ਸੀ ਜੋ ਹੁਣ ਸਰਕਾਰੀ ਪੋਰਟਲ ਜੈਮ ਰਾਹੀਂ ਰੱਖੇ ਜਾ ਰਹੇ ਹਨ।
ਸੀਬੀਐੱਸਈ ਵਲੋਂ ਯੋਗ ਦਿਵਸ ਬਾਰੇ ਹਦਾਇਤਾਂ
ਸੀਬੀਐਸਈ ਨੇ ਦੇਸ਼ ਭਰ ਦੇ ਸਕੂਲਾਂ ਨੂੰ 21 ਜੂਨ ਦੇ ਕੌਮਾਂਤਰੀ ਯੋਗ ਦਿਵਸ ਮਨਾਉਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਹਨ। ਸਕੂਲਾਂ ਨੂੰ ਆਨਲਾਈਨ ਯੋਗ ਗਤੀਵਿਧੀਆਂ ਕਰਵਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ 21 ਜੂਨ ਨੂੰ ਸ਼ਾਮ ਪੰਜ ਵਜੇ ਲਾਈਵ ਸੈਸ਼ਨ ਕਰਵਾਇਆ ਜਾਵੇਗਾ ਜਿਸ ਵਿਚ ਯੋਗ ਮਾਹਰ ਸ਼ਿਲਪਾ ਸ਼ੈਟੀ ਫਿਟ ਇੰਡੀਆ ਯੂ ਟਿਊਬ ਚੈਨਲ ਤੇ ਸੀਬੀਐਸਈ ਸੋਸ਼ਲ ਮੀਡੀਆ ਚੈਨਲ ’ਤੇ ਯੋਗ ਗਤੀਵਿਧੀਆਂ ਕਰਨਗੇ। ਇਸ ਕਰ ਕੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਬਾਰੇੇ ਜਾਗਰੂਕ ਕੀਤਾ ਜਾਵੇ।
ਸਰਕਾਰੀ ਸਕੂਲਾਂ ਵਿਚ ਦਾਖਲੇ ਸ਼ੁਰੂ
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਪਹਿਲੀ ਤੋਂ ਨੌਵੀਂ ਜਮਾਤ ਵਿਚ ਦਾਖਲੇ ਸ਼ੁਰੂ ਹੋ ਗਏ ਹਨ। ਸਕੂਲਾਂ ਨੇ ਆਪਣੇ ਗੇਟ ਦੇ ਬਾਹਰ ਦਾਖਲਾ ਫਾਰਮ ਬਾਰੇ ਸ਼ਰਤਾਂ ਲਿਖ ਦਿੱਤੀਆਂ ਹਨ ਤੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਸਾਦੇ ਕਾਗਜ਼ ‘ਤੇ ਕਿਹੜੀ ਕਲਾਸ ਵਿਚ ਦਾਖਲਾ, ਆਧਾਰ ਕਾਰਡ ਦੀ ਕਾਪੀ, ਪਤਾ, ਫੋਨ ਨੰਬਰ, ਰਿਪੋਰਟ ਕਾਰਡ ਲਿਖ ਕੇ ਬਾਹਰ ਦੀ ਸਕਿਉਰਿਟੀ ਗਾਰਡ ਨੂੰ ਦੇਵੇਗਾ ਤੇ ਉਸ ਆਧਾਰ ‘ਤੇ ਦਾਖਲੇ ਕੀਤੇ ਜਾਣਗੇ। ਡਿਪਟੀ ਡੀਈਓ-1 ਹਰਬੀਰ ਸਿੰਘ ਆਨੰਦ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀਆਂ ਅਰਜ਼ੀਆਂ ਲੈਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਨੌਵੀਂ ਦੇ ਵਿਦਿਆਰਥੀਆਂ ਨੂੰ ਅੱਠਵੀਂ ਦੇ ਅੰਕਾਂ ਦੇ ਆਧਾਰ ‘ਤੇ ਦਾਖਲਾ ਮਿਲੇਗਾ।