ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 31 ਅਗਸਤ
ਨਵਾਂ ਗਰਾਉਂ ਵਿੱਚ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਇੱਕ ਯੂਥ ਅਕਾਲੀ ਭਾਜਪਾ ਆਗੂ ਗੁਰਪ੍ਰੀਤ ਸਿੰਘ ਉਰਫ ਪੱਪੀ ’ਤੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਕਥਿਤ ਮਾਰੂ ਹਥਿਆਰਾਂ ਨਾਲ ਅੱਜ ਕਾਤਲਾਨਾ ਹਮਲਾ ਕੀਤਾ ਗਿਆ ਹੈ। ਗੰਭੀਰ ਜਖ਼ਮੀ ਹਾਲਤ ਵਿੱਚ ਗੁਰਪ੍ਰੀਤ ਸਿੰਘ ਪੱਪੀ ਨੂੰ ਤੁਰੰਤ ਸਰਕਾਰੀ ਹਸਪਤਾਲ ਸੈਕਟਰ-16 ਚੰਡੀਗੜ੍ਹ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਗੰਭੀਰ ਹਾਲਤ ਦੇ ਮੱਦੇਨਜ਼ਰ ਉਸ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਪੰਚਾਇਤ ਦੀ ਸਾਬਕਾ ਪ੍ਰਧਾਨ ਬਲਜਿੰਦਰ ਕੌਰ ਦਾ ਪਤੀ ਗੁਰਪ੍ਰੀਤ ਸਿੰਘ ਉਰਫ਼ ਪੱਪੀ ਰੋਜ਼ਾਨਾ ਦੀ ਤਰ੍ਹਾਂ ਕਰੌਰਾਂ ਰੋਡ ’ਤੇ ਆਪਣੇ ਨਵੇਂ ਬਣਾਏ ਦਫ਼ਤਰ ਵਿੱਚ ਬੈਠਾ ਸੀ। ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਬਲਵੀਰ ਸਿੰਘ ਗੋਰਖਾ ਤੇ ਗੁਰਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਅਨੁਸਾਰ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਪੱਪੀ ਨੂੰ ਦਫ਼ਤਰ ਵਿੱਚੋਂ ਬਾਹਰ ਖਿੱਚ ਲਿਆਇਆ। ਇਨੇ ਨੂੰ ਸੜਕ ਵਿੱਚ ਖੜ੍ਹੀ ਗੱਡੀ ’ਚ ਸਵਾਰ ਕੁਝ ਅਣਪਛਾਤੇ ਨੌਜਵਾਨਾਂ ਨੇ ਆਉਂਦਿਆਂ ਹੀ ਯੂਥ ਆਗੂ ਪੱਪੀ ’ਤੇ ਹਮਲਾ ਕਰ ਦਿੱਤਾ ਤੇ ਸਾਰੇ ਜਣੇ ਮੌਕੇ ਤੋਂ ਫਰਾਰ ਹੋ ਗਏ। ਗੁਰਪ੍ਰੀਤ ਸਿੰਘ ਪੱਪੀ ਦੀ ਖੱਬੀ ਲੱਤ ਅਤੇ ਸੱਜੀ ਬਾਂਹ ਟੁੱਟ ਗਈ ਹੈ, ਉਥੇ ਸਿਰ ਸਮੇਤ ਸਰੀਰ ਦੇ ਬਾਕੀ ਹਿੱਸਿਆਂ ’ਤੇ ਵੀ ਜ਼ਖ਼ਮਾਂ ਦੇ ਨਿਸ਼ਾਨ ਦੱਸੇ ਜਾ ਰਹੇ ਹਨ। ਪੁਲੀਸ ਥਾਣਾ ਨਵਾਂ ਗਾਉਂ ਦੇ ਜਾਂਚ ਅਫ਼ਸਰ ਬੂਟਾ ਸਿੰਘ ਨੇ ਦੱਸਿਆ ਕਿ ਉਹ ਹਸਪਤਾਲ ਗਏ ਸਨ ਪਰ ਜ਼ਖ਼ਮੀ ਅਜੇ ਬਿਆਨ ਦੇਣ ਦੇ ਕਾਬਲ ਨਹੀਂ ਹੈ ਤੇ ਬਿਆਨ ਮਿਲਣ ਮਗਰੋਂ ਕਾਰਵਾਈ ਕੀਤੀ ਜਾਵੇਗੀ।
ਗਵਾਹੀ ਦੇਣ ’ਤੇ ਕੀਤੀ ਕੁੱਟਮਾਰ ’ਚ ਗਵਾਹ ਦੀ ਮੌਤ
ਖਰੜ (ਪੱਤਰ ਪ੍ਰੇਰਕ) ਪਿੰਡ ਬਡਾਲਾ ਦੇ ਰਹਿਣ ਵਾਲੇ ਸੋਹਣ ਸਿੰਘ ਜੋ ਪਿੰਡ ਵਿੱਚ ਬਿਲਡਿੰਗ ਮੈਟੀਰੀਅਲ ਦੀ ਦੁਕਾਨ ਕਰਦਾ ਹੈ, ਦੀ ਪਿੰਡ ਦੇ ਇੱਕ ਵਿਅਕਤੀ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਪੀਜੀਆਈ ਵਿੱਚ ਮੌਤ ਹੋ ਗਈ। ਖਰੜ ਸਦਰ ਪੁਲੀਸ ਨੇ ਇਸ ਸਬੰਧੀ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਮੁਲਜ਼ਮ ਬਲਜਿੰਦਰ ਸਿੰਘ ਵਿਰੁੱਧ ਧਾਰਾ 304 ਆਈਪੀਸੀ ਅਧੀਨ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਮ੍ਰਿਤਕ ਦੇ ਭਰਾ ਅਵਤਾਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸਦਾ ਭਰਾ ਸੋਹਣ ਸਿੰਘ ਬੀਤੇ ਦਿਨ ਆਪਣੀ ਬਿਲਡਿੰਗ ਮੈਟੀਰੀਅਲ ਦੀ ਦੁਕਾਨ ’ਤੇ ਆਪਣੇ ਘਰ ਨੂੰ ਜਾ ਰਿਹਾ ਸੀ। ਰਸਤੇ ਵਿੱਚ ਮੁਲਜ਼ਮ ਬਲਜਿੰਦਰ ਸਿੰਘ ਬਡਾਲੀ ਨੇ ਉਸਨੂੰ ਊਸਦੀ ਦੀ ਐਕਟਿਵਾ ਤੋਂ ਥੱਲੇ ਸੁੱਟ ਕੇ ਕੁੱਟਮਾਰ ਕੀਤੀ। ਉਸਨੇ ਇੱਕ ਮੁੱਕਾ ਊਸਦੇ ਦੇ ਮੂੰਹ ’ਤੇ ਮਾਰਿਆ ਅਤੇ ਦੂਸਰਾ ਉਸਦੇ ਸਿਰ ’ਤੇ ਮਾਰਿਆ। ਜਦੋਂ ਊਸ ਨੇ ਸ਼ੋਰ ਮਚਾਇਆ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਇਸ ਦੀ ਵਜ੍ਹਾ ਇਹ ਸੀ ਕਿ ਚਾਰ ਸਾਲ ਪਹਿਲਾਂ ਸੋਹਣ ਸਿੰਘ ਨੇ ਪਿੰਡ ਵਿੱਚ ਹੋਈ ਇੱਕ ਲੜਾਈ ਵਿੱਚ ਬਲਜਿੰਦਰ ਸਿੰਘ ਦੇ ਵਿਰੁੱਧ ਅਦਾਲਤ ਵਿੱਚ ਗਵਾਹੀ ਦਿੱਤੀ ਸੀ। ਇਸੇ ਕਾਰਨ ਬਲਜਿੰਦਰ ਸਿੰਘ ਸੋਹਣ ਸਿੰਘ ਨੂੰ ਧਮਕੀਆਂ ਦਿੰਦਾ ਰਹਿੰਦਾ ਸੀ।