ਸ਼ਸ਼ੀ ਪਾਲ ਜੈਨ
ਖਰੜ, 17 ਸਤੰਬਰ
ਇਥੋਂ ਦੇ ਪੁਰਾਣੇ ਲੇਬਰ ਚੌਕ ਨੇੜੇ ਅੱਜ ਤੜਕੇ ਹਥਿਆਰਬੰਦ ਨੌਜਵਾਨਾਂ ਨੇ ਅਰੁਣ ਸ਼ਰਮਾ ਦੇ ਘਰ ’ਤੇ ਫਾਇਰਿੰਗ ਕੀਤੀ। ਇਸ ਵਾਰਦਾਤ ਵਿੱਚ ਭਾਵੇਂ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਮਲਾਵਰਾਂ ਵੱਲੋਂ ਅਰੁਣ ਸ਼ਰਮਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਊਸ ਨੂੰ ਚੰਡੀਗੜ੍ਹ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਖਰੜ ਸਿਟੀ ਥਾਣੇ ਦੇ ਮੁਖੀ ਭਗਵੰਤ ਸਿੰਘ ਨੇ ਦੱਸਿਆ ਕਿ ਸਿਟੀ ਪੁਲੀਸ ਨੇ ਅਰੁਣ ਸ਼ਰਮਾ ਦੇ ਪੁੱਤਰ ਦੇਵਾਨ ਸ਼ਰਮਾ ਦੇ ਬਿਆਨਾਂ ’ਤੇ ਹਮਲਾਵਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਦੇਵਾਨ ਸ਼ਰਮਾ ਨੇ ਪੁਲੀਸ ਨੂੰ ਦੱਸਿਆ ਕਿ ਤੜਕੇ 2.30 ਵਜੇ ਉਨ੍ਹਾਂ ਦੇ ਘਰ ਦੀ ਬੈੱਲ ਵੱਜੀ ਤਾਂ ਉਸ ਨੇ ਆਪਣੇ ਘਰ ਵਿੱਚ ਲੱਗੇ ਹੋਏ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਦੇਖਿਆ ਕਿ ਬਾਹਰ ਚੋਧਰੀ, ਗਿੱਲ, ਪੰਨੂ, ਸਹੋਤਾ ਆਦਿ ਖੜ੍ਹੇ ਸਨ ਜਿਨ੍ਹਾਂ ਦੇ ਹੱਥਾਂ ਵਿੱਚ ਪਿਸਤੌਲ ਅਤੇ ਡੰਡੇ ਸਨ। ਉਸ ਨੇ ਛੱਤ ਉੱਤੇ ਜਾ ਕੇ ਖੁਦ ਨੂੰ ਛੁਪਾ ਲਿਆ ਪਰ ਹਮਲਾਵਰ ਕੁੰਡਾ ਤੋੜ ਕੇ ਅੰਦਰ ਆ ਗਏ ਅਤੇ ਫਾਇਰਿੰਗ ਕੀਤੀ।
ਇਸ ਦੌਰਾਨ ਹਮਲਾਵਰਾਂ ਨੇ ਜਦੋਂ ਉਸ ਨੂੰ ਉਥੇ ਨਹੀਂ ਪਾਇਆ ਤਾਂ ਅਰੁਣ ਸ਼ਰਮਾ ਨੂੰ ਬਾਹਰ ਖਿੱਚ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਇਸ ਉਪਰੰਤ ਹਮਲਾਵਰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਅਰੁਣ ਸ਼ਰਮਾ ਨੂੰ ਪਹਿਲਾਂ ਸਿਵਲ ਹਸਪਤਾਲ ਖਰੜ ਲਿਆਂਦਾ ਗਿਆ ਜਿਥੋਂ ਉਸ ਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ ਅਤੇ ਉਥੋਂ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਪੱਤਰਕਾਰਾਂ ਨੇ ਮੌਕੇ ਵਾਲੀ ਥਾਂ ’ਤੇ ਦੇਖਿਆ ਕਿ ਉਥੇ ਖੂਨ ਡੁੱਲ੍ਹਿਆ ਪਿਆ ਸੀ ਅਤੇ ਕਾਰਤੂਸਾਂ ਦੇ ਖਾਲੀ ਖੋਲ ਵੀ ਪਏ ਸਨ। ਘਰ ਦੇ ਬਾਹਰ ਅਰੁਣ ਸ਼ਰਮਾ ਦੀ ਕਾਰ ਖੜ੍ਹੀ ਸੀ ਜਿਸ ਦੀ ਭੰਨਤੋੜ ਕੀਤੀ ਗਈ ਸੀ।
ਇਸੇ ਦੌਰਾਨ ਐੱਸ.ਐੱਚ.ਓ ਭਗਵੰਤ ਸਿੰਘ ਨੇ ਦੱਸਿਆ ਕਿ ਖਰੜ ਸਿਟੀ ਪੁਲੀਸ ਨੇ ਮੌਕੇ ਤੋਂ 8 ਖਾਲੀ ਰੋਂਦ ਕਬਜ਼ੇ ਵਿੱਚ ਲਏ ਹਨ ਤੇ ਹਮਲਾਵਰਾਂ ਵਿਰੁੱਧ ਧਾਰਾ 307, 450 ਅਤੇ 148 ਆਈ.ਪੀ.ਸੀ ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੰਜ ਮੁਲਜ਼ਮਾਂ ਦੀ ਪਛਾਣ ਹੋਈ
ਘਟਨਾ ਦੀ ਸੂਚਨਾ ਮਿਲਣ ’ਤੇ ਡਾ. ਰਵਜੋਤ ਕੌਰ ਗਰੇਵਾਲ ਐੱਸਪੀ (ਦਿਹਾਤੀ), ਡੀਐੱਸਪੀ ਪਾਲ ਸਿੰਘ, ਥਾਣਾ ਸਿਟੀ ਦੇ ਇੰਚਾਰਜ ਭਗਵੰਤ ਸਿੰਘ ਅਤੇ ਥਾਣਾ ਘੜੂੰਆਂ ਦੇ ਇੰਚਾਰਜ ਕੈਲਾਸ਼ ਬਹਾਦੁਰ ਤੇ ਸੀਆਈ ਸਟਾਫ ਦੇ ਇੰਚਾਰਜ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਜਾਣਕਾਰੀ ਪ੍ਰਾਪਤ ਕੀਤੀ। ਡਾ. ਗਰੇਵਾਲ ਨੇ ਦੱਸਿਆ ਕਿ ਇਹ ਘਟਨਾ ਦੇਵਾਨ ਸ਼ਰਮਾ ਦੀ ਪੁਰਾਣੀ ਰੰਜ਼ਿਸ ਦਾ ਮਾਮਲਾ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਵਿੱਚੋਂ ਪੰਜ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਗਈ ਹੈ ਤੇ ਅਰੁਣ ਸ਼ਰਮਾ ਦੇ ਸਰੀਰ ’ਤੇ ਸੱਤ ਥਾਈਂ ਜ਼ਖ਼ਮ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।