ਕਰਮਜੀਤ ਸਿੰਘ ਚਿੱਲਾ
ਬਨੂੜ, 24 ਅਪਰੈਲ
ਅਜ਼ੀਜ਼ਪੁਰ ਟੌਲ ਪਲਾਜ਼ਾ ਉੱਤੋਂ ਲੰਘਣ ਵਾਲੇ ਬਨੂੜ ਸ਼ਹਿਰ ਸਮੇਤ ਅਠਾਰਾਂ ਪਿੰਡਾਂ ਦੇ ਨਿੱਜੀ ਵਾਹਨ ਚਾਲਕਾਂ ਨੂੰ ਹੁਣ ਇੱਥੋਂ ਲੰਘਣ ਸਮੇਂ ਆਪਣੀਆਂ ਜੇਬਾਂ ਢਿੱਲੀਆਂ ਨਹੀਂ ਕਰਨੀਆਂ ਪੈਣਗੀਆਂ। ਟੌਲ ਪਲਾਜ਼ਾ ਦੇ ਅੱਠ ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਇਨ੍ਹਾਂ ਪਿੰਡਾਂ ਦੇ ਵਾਹਨ ਚਾਲਕ ਹੁਣ ਇੱਥੋਂ ਬਿਨਾਂ ਟੌਲ ਫ਼ੀਸ ਦਿੱਤਿਆਂ ਲੰਘ ਸਕਣਗੇ। ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵਪਾਰਕ ਵਾਹਨਾਂ ਲਈ ਟੌਲ ਦੀ ਅੱਧੀ ਫ਼ੀਸ ਦੇਣੀ ਪਵੇਗੀ। ਇਹ ਫ਼ੈਸਲਾ ਟੌਲ ਕੰਪਨੀ ਬੀਕੇਐੱਸ ਦੇ ਪ੍ਰਬੰਧਕਾਂ, ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਇਲਾਕਾ ਵਾਸੀਆਂ ਦਰਮਿਆਨ ਦੇਰ ਸ਼ਾਮ ਹੋਏ ਲਿਖਤੀ ਸਮਝੌਤੇ ਦੌਰਾਨ ਨੇਪਰੇ ਚੜ੍ਹਿਆ। ਕਿਸਾਨ ਜਥੇਬੰਦੀਆਂ ਤੇ ਇਲਾਕੇ ਦੇ ਨੌਜਵਾਨਾਂ ਵੱਲੋਂ ਅੱਜ ਨੈਸ਼ਨਲ ਹਾਈਵੇਅ ਅਥਾਰਿਟੀ ਦੀ ਇਸ ਛੋਟ ਦਾ ਲਾਭ ਲੈਣ ਲਈ ਇੱਥੇ ਇਕੱਤਰਤਾ ਬੁਲਾਈ ਗਈ ਸੀ। ਪਹਿਲਾਂ ਟੌਲ ਕੰਪਨੀ ਦੇ ਕਰਮਚਾਰੀਆਂ ਨੇ ਕੁੱਝ ਆਨਾ-ਕਾਨੀ ਕੀਤੀ। ਕਿਸਾਨਾਂ ਨੇ ਸਖ਼ਤੀ ਅਪਣਾਉਂਦਿਆਂ ਇੱਥੋਂ ਲੰਘਣ ਵਾਲੇ ਸਾਰੇ ਵਾਹਨਾਂ ਦਾ ਟੌਲ ਮੁਫ਼ਤ ਕਰਵਾ ਦਿੱਤਾ, ਜਿਸ ਮਗਰੋਂ ਦੋਹਾਂ ਧਿਰਾਂ ਦਰਮਿਆਨ ਸਮਝੌਤਾ ਹੋਇਆ। ਕੰਪਨੀ ਵੱਲੋਂ ਮੈਨੇਜਰ ਰਵਿੰਦਰ ਕੁਮਾਰ ਰਾਣਾ, ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਕਰਾਲਾ, ਡਕੌਂਦਾ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕਰਾਲਾ, ਗੁਰਪ੍ਰੀਤ ਸਿੰਘ ਸੇਖਨਮਾਜਰਾ, ਯਾਦਵਿੰਦਰ ਸ਼ਰਮਾ ਤੋਂ ਇਲਾਵਾ ਰਵਿੰਦਰ ਸਿੰਘ ਬਸੀਈਸੇ ਖਾਂ ਅਤੇ ਦਰਜਨਾਂ ਨੌਜਵਾਨ ਮੌਜੂਦ ਸਨ।
ਇਨ੍ਹਾਂ ਪਿੰਡਾਂ ਨੂੰ ਮਿਲੇਗੀ ਟੌਲ ਟੈਕਸ ਤੋਂ ਛੋਟ
ਜਿਨ੍ਹਾਂ ਅਠਾਰਾਂ ਪਿੰਡਾਂ ਨੂੰ ਟੌਲ ਦਰਾਂ ਤੋਂ ਛੋਟ ਮਿਲੇਗੀ, ਉਨ੍ਹਾਂ ਵਿੱਚ ਬਨੂੜ ਸ਼ਹਿਰ, ਅਜ਼ੀਜ਼ਪੁਰ, ਕਰਾਲਾ, ਕਨੌੜ, ਬਸੀਈਸੇ ਖਾਂ, ਕਰਾਲੀ, ਝਿਊਰਮਾਜਰਾ, ਰਾਜੋਮਾਜਰਾ, ਸੇਖਨਮਾਜਰਾ, ਕੁਰੜਾ, ਕੁਰੜੀ, ਬੜ੍ਹੀ, ਸਿਆਊ, ਪੱਤੋਂ, ਰਾਮਪੁਰ, ਛੱਤ, ਝੁੱਗੀਆਂ ਅਤੇ ਨਾਭਾ ਸਾਹਿਬ ਸ਼ਾਮਲ ਹਨ।
ਦੋਹਾਂ ਧਿਰਾਂ ਦਰਮਿਆਨ ਹੋਏ ਲਿਖਤੀ ਸਮਝੌਤੇ ਅਨੁਸਾਰ, ਟੌਲ ਪਲਾਜ਼ਾ ਦੇ ਅੱਠ ਕਿਲੋਮੀਟਰ ਘੇਰੇ ਅੰਦਰ ਆਉਂਦੇ ਨਿੱਜੀ ਵਾਹਨ ਚਾਲਕਾਂ ਨੂੰ ਆਪਣੇ ਆਧਾਰ ਕਾਰਡ ਲਿਆ ਕੇ ਟੌਲ ’ਤੇ ਸਿਸਟਮ ਵਿੱਚ ਆਪਣੇ ਵਾਹਨ ਦਾ ਨੰਬਰ ਦਰਜ ਕਰਾਉਣਾ ਹੋਵੇਗਾ। ਉਨ੍ਹਾਂ ਨੂੰ ਫਾਸਟ ਟੈਗ ਵਾਲੀ ਲਾਈਨ ਵਿੱਚੋਂ ਹੀ ਲੰਘਣਾ ਹੋਵੇਗਾ, ਪਰ ਉਨ੍ਹਾਂ ਦਾ ਫਾਸਟ ਟੈਗ ਜ਼ੀਰੋ ਕੱਟੇਗਾ ਅਤੇ ਕੋਈ ਫ਼ੀਸ ਦੀ ਅਦਾਇਗੀ ਨਹੀਂ ਕਰਨੀ ਪਵੇਗੀ। ਉਨ੍ਹਾਂ ਨੂੰ ਇੱਥੋਂ ਲੰਘਣ ਸਮੇਂ ਆਪਣਾ ਆਧਾਰ ਕਾਰਡ ਨਾਲ ਰੱਖਣਾ ਹੋਵੇਗਾ, ਜਿਸ ਦੇ ਨੰਬਰ ਅਨੁਸਾਰ ਗੱਡੀ ਨੂੰ ਟੌਲ ਤੋਂ ਛੋਟ ਹੋਵੇਗੀ।