ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 19 ਜੁਲਾਈ
ਪਿੰਡ ਦੇਵੀ ਨਗਰ ਵਿੱਚ ਆਯੁਰਵੈਦਿਕ ਹਸਪਤਾਲ ਵਿੱਚ ਜ਼ੇਰੇ ਇਲਾਜ 105 ਸਾਲਾ ਐਥਲੀਟ ਮਾਨ ਕੌਰ ਦਾ ਹਾਲ ਜਾਣਨ ਲਈ ਅਰਜੁਨ ਐਵਾਰਡੀ ਪਹਿਲਵਾਨ ਕਰਤਾਰ ਸਿੰਘ, ਸਾਈ ਦੇ ਕੋਚ ਪ੍ਰੀਤਮ ਸਿੰਘ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਸਣੇ ਹੋਰ ਖਿਡਾਰੀ ਪੁੱਜੇ। ਉਨ੍ਹਾਂ ਸਰਕਾਰ ਵੱਲੋਂ ਇਸ ਖਿਡਾਰੀ ਦੀ ਕੋਈ ਮਦਦ ਨਾ ਕਰਨ ’ਤੇ ਰੋਸ ਪ੍ਰਗਟਾਇਆ। ਇਸ ਮੌਕੇ ਮਾਨ ਕੌਰ ਦੇ ਲੜਕੇ ਗੁਰਦੇਵ ਸਿੰਘ ਨੇ ਕਿਹਾ ਕਿ ਪਟਿਆਲਾ ਡੀਸੀ ਦਫਤਰ ਤੋਂ ਫੋਨ ਆਇਆ ਸੀ ਜਿਸ ਦੌਰਾਨ ਉਨ੍ਹਾਂ ਮਾਤਾ ਦਾ ਹਾਲ ਪੁੱਛਣ ਤੋਂ ਇਲਾਵਾ ਇਲਾਜ ਲਈ ਮਦਦ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਕਿਸੇ ਨੇ ਵੀ ਉਨ੍ਹਾਂ ਤੱਕ ਪਹੁੰਚ ਨਹੀਂ ਕੀਤੀ। ਇਸ ਮੌਕੇ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ 8 ਜੁਲਾਈ ਤੋਂ ਮਾਨ ਕੌਰ ਚੰਡੀਗੜ੍ਹ ਤੋਂ ਮਹਿਜ਼ 20 ਕਿਲੋਮੀਟਰ ਦੂਰ ਡੇਰਾਬੱਸੀ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੀ ਹੈ ਪਰ ਹਾਲੇ ਤੱਕ ਕਿਸੇ ਵੀ ਸਰਕਾਰੀ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ 51 ਹਜ਼ਾਰ ਰੁਪਏ ਦੀ ਪਰਿਵਾਰ ਨੂੰ ਮਦਦ ਕੀਤੀ ਗਈ ਸੀ ਅਤੇ ਅੱਜ ਵੀ 21 ਹਜ਼ਾਰ ਰੁਪਏ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਲਾਜ ਦਾ ਖਰਚ ਨਾ ਚੁੱਕਿਆ ਤਾਂ ਸੰਸਥਾ ਸਾਰਾ ਖਰਚ ਚੁੱਕੇਗੀ।