ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਵਿੱਚ ਲੰਘੀ ਦੇਰ ਰਾਤ ਅਣਪਛਾਤੇ ਤਿੰਨ ਹਮਲਾਵਰਾਂ ਨੇ ਫੈਕਟਰੀ ਤੋਂ ਘਰ ਪਰਤ ਰਹੇ ਇਕ ਵਿਅਕਤੀ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਪੀੜਤ ਯੋਗੇਸ਼ ਕੁਮਾਰ ਵਾਸੀ ਸਰਸਵਤੀ ਵਿਹਾਰ ਨੇ ਦੱਸਿਆ ਕਿ ਉਹ ਬਰਵਾਲਾ ਰੋਡ ’ਤੇ ਇੰਡੋ ਸਵੀਫ਼ਟ ਕੰਪਨੀ ਵਿੱਚ ਨੌਕਰੀ ਕਰਦਾ ਹੈ। ਲੰਘੀ ਰਾਤ ਤਕਰੀਬਨ 11 ਵਜੇ ਉਹ ਪੈਦਲ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਰਾਹ ਵਿੱਚ ਉਸ ਨੂੰ ਤਿੰਨ ਸ਼ਰਾਬੀ ਮਿਲੇ, ਜਿਨ੍ਹਾਂ ਨੇ ਲੁੱਟ ਖੋਹ ਦੀ ਨੀਅਤ ਨਾਲ ਉਸ ਦੀ ਕੁੱਟਮਾਰ ਕੀਤੀ। ਰੌਲਾ ਪਾਉਣ ’ਤੇ ਦੋ ਨੌਜਵਾਨਾਂ ਉਸ ਨੂੰ ਛੁੱਡਵਾਇਆ। ਇਸ ਮਗਰੋਂ ਉਸ ਦੇ ਪਰਿਵਾਰਕ ਮੈਂਬਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਲੈ ਗਏ ਜਿਥੇ ਉਸ ਦੇ ਸਿਰ ਵਿੱਚ ਚਾਰ ਟਾਂਕੇ ਲੱਗੇ ਹਨ। ਥਾਣਾ ਮੁਖੀ ਜਸਕੰਵਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।