ਸਰਬਜੀਤ ਸਿੰਘ ਭੱਟੀ
ਲਾਲੜੂ, 4 ਜੂਨ
ਇਥੇ ਹਿੰਦੀ ਅਖ਼ਬਾਰ ਦੇ ਸਥਾਨਕ ਪੱਤਰਕਾਰ ਦੇ ਘਰ ਉੱਤੇ ਦਰਜਨ ਦੇ ਕਰੀਬ ਵਿਅਕਤੀਆਂ ਨੇ ਪੁਰਾਣੀ ਰੰਜਿਸ਼ਬਾਜ਼ੀ ਨੂੰ ਲੈ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਪੱਤਰਕਾਰ ਦਾ ਵੱਡਾ ਭਰਾ ਅਤੇ ਭਰਜਾਈ ਫੱਟੜ ਹੋ ਗਏ। ਊਨ੍ਹ੍ਵਾਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਤਿੰਨ ਔਰਤਾਂ ਸਮੇਤ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਲਾਲੜੂ ਦੇ ਪ੍ਰੇਮ ਨਗਰ ਮੁਹੱਲੇ ਵਿੱਚ ਰਹਿ ਰਹੇ ਹਿੰਦੀ ਦੈਨਿਕ ਅਖ਼ਬਾਰ ਅਮਰ ਉਜਾਲਾ ਦੇ ਪੱਤਰਕਾਰ ਰਾਜਬੀਰ ਸੈਣੀ ਦੇ ਘਰ ਉਤੇ ਕੱਲ੍ਹ ਸਵੇਰੇ ਕੁੱਝ ਵਿਅਕਤੀਆਂ ਨੇ ਪੁਰਾਣੀ ਰੰਜਿਸ਼ਬਾਜ਼ੀ ਦੇ ਚਲਦੇ ਹਮਲਾ ਕੀਤਾ ਜਿਸ ਵਿੱਚ ਉਸ ਦੇ ਭਰਾ ਰਘਬੀਰ ਸਿੰਘ ਅਤੇ ਭਰਜਾਈ ਰੇਖਾ ਗੰਭੀਰ ਫੱਟੜ ਹੋ ਗਏ। ਹਮਲਾਵਰਾਂ ਨੇ ਪੀੜਤ ਦੇ ਘਰ ਵਿੱਚ ਵੜ ਕੇ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ। ਇਸੇ ਦੌਰਾਨ 100 ਨੰਬਰ ’ਤੇ ਪੁਲੀਸ ਨੂੰ ਫੋਨ ਕੀਤਾ ਅਤੇ ਮੌਕੇ ’ਤੇ ਪੁਲੀਸ ਨੇ ਪਹੁੰਚ ਕੇ ਜ਼ਖ਼ਮੀਆਂ ਨੁੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਾਇਆ।
ਏਐੱਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਹਮਲੇ ਵਿੱਚ ਫੱਟੜ ਰਘਬੀਰ ਸਿੰਘ ਦੇ ਬਿਆਨ ’ਤੇ ਕਥਿਤ ਮੁਲਜ਼ਮ ਮੋਹਨ ਲਾਲ, ਮਹਾਂਵੀਰ, ਸੋਹਨ ਲਾਲ, ਗੌਰਵ, ਸੌਰਵ, ਪ੍ਰੇਮ ਚੰਦ, ਪਿੰਕੀ, ਰਾਜਰਾਣੀ, ਬਬਲੀ (ਸਾਰੇ ਵਾਸੀ ਲਾਲੜੂ) ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।