ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 14 ਨਵੰਬਰ
ਟੀਡੀਆਈ ਸਿਟੀ ਦੇ ਸੈਕਟਰ-110 ਵਿੱਚ ਰਹਿੰਦੇ ਪਰਿਵਾਰ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇੱਥੋਂ ਦੀ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੇ ਸੀਨੀਅਰ ਮੈਂਬਰ ਪ੍ਰਦੀਪ ਸ਼ਰਮਾ ਨੇ ਸੋਹਾਣਾ ਥਾਣੇ ਵਿੱਚ ਸ਼ਿਕਾਇਤ ਦੇ ਕੇ ਦੋਸ਼ ਲਾਇਆ ਹੈ ਕਿ ਬੀਤੇ ਦਿਨੀਂ ਚਾਰ ਵਿਅਕਤੀਆਂ ਵੱਲੋਂ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਦੀ ਖਿੱਚ-ਧੂਹ ਕੀਤੀ ਹੈ ਤੇ ਸ਼ਰ੍ਹਆਮ ਗਾਲੀ ਗਲੋਚ ਕਰਦਿਆਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਐੱਸਆਰ ਸ਼ੈਫੀ ਨੇ ਕਿਹਾ ਕਿ ਇਹ ਘਟਨਾ ਪੂਰੇ ਟੀਡੀਆਈ ਵਿੱਚ ਰਹਿੰਦੇ ਪਰਿਵਾਰਾਂ ਦੀ ਸੁਰੱਖਿਆ ਦੀ ਪੋਲ ਖੋਲ੍ਹਣ ਲਈ ਕਾਫ਼ੀ ਹੈ, ਇੱਥੇ ਫਲੈਟਾਂ ਵਿੱਚ ਕਿਰਾਏ ’ਤੇ ਰਹਿੰਦੇ ਨੌਜਵਾਨ ਤੇ ਹੋਰ ਗੁੰਡਾ ਅਨਸਰ ਸੈਕਟਰ ਵਾਸੀਆਂ ਲਈ ਖ਼ਤਰਾ ਬਣੇ ਹੋਏ ਹਨ। ਜਿਨ੍ਹਾਂ ਬਾਰੇ ਪੁਲੀਸ ਕੋਲ ਕੋਈ ਰਿਕਾਰਡ ਨਹੀਂ ਹੈ। ਜਦੋਂਕਿ ਇਹ ਲੋਕ ਰੋਜ਼ਾਨਾ ਰਾਤ ਨੂੰ ਸ਼ੋਰ ਸ਼ਰਾਬਾ ਕਰਕੇ ਸੁਸਾਇਟੀ ਦਾ ਮਾਹੌਲ ਖ਼ਰਾਬ ਕਰਦੇ ਹਨ। ਸੈਕਟਰ ਵਾਸੀਆਂ ਦੇ ਇੱਕ ਵਫ਼ਦ ਨੇ ਸੋਹਾਣਾ ਪੁਲੀਸ ਤੋਂ ਮੰਗ ਕੀਤੀ ਕਿ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਅਣਅਧਿਕਾਰਤ ਪੀਜੀ ਦਾ ਗੰਭੀਰ ਨੋਟਿਸ ਲਿਆ ਜਾਵੇ ਤੇ ਫਲੈਟਾਂ ਵਿੱਚ ਰਹਿੰਦੇ ਕਿਰਾਏਦਾਰਾਂ ਦੀ ਪੁਲੀਸ ਵੈਰੀਫਿਕੇਸ਼ਨ ਯਕੀਨੀ ਬਣਾਈ ਜਾਵੇ।