ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਸਤੰਬਰ
ਇੱਥੋਂ ਦੇ ਮਲੋਆ ਇਲਾਕੇ ਵਿੱਚ ਦੋ ਭਰਾਵਾਂ ’ਤੇ ਦਰਜਨ ਦੇ ਕਰੀਬ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਹੈ। ਘਟਨਾ ਤੋਂ ਤੁਰੰਤ ਬਾਅਦ ਇਲਾਕਾ ਵਾਸੀਆਂ ਨੇ ਦੋਵਾਂ ਭਰਾਵਾਂ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਹੈ। ਪੀੜਤਾਂ ਦੀ ਪਛਾਣ ਕਪੂਰ ਯਾਦਵ ਅਤੇ ਰਾਜੂ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਲੋਆ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਕਪੂਰ ਯਾਦਵ ਨੇ ਦੱਸਿਆ ਕਿ ਲੰਘੀ ਰਾਤ ਕੁਝ ਨੌਜਵਾਨ ਉਸ ਦੇ ਭਰਾ ਰਾਜੂ ਨੂੰ ਘੇਰ ਕੇ ਕੁੱਟਮਾਰ ਕਰ ਰਹੇ ਸਨ, ਜਦੋਂ ਉਹ ਭਰਾ ਦੇ ਬਚਾਅ ਵਿੱਚ ਗਿਆ ਤਾਂ ਉਸ ’ਤੇ ਵੀ ਹਮਲਾ ਕਰ ਦਿੱਤਾ। ਥਾਣਾ ਮਲੋਆ ਦੀ ਪੁਲੀਸ ਨੇ ਉਕਤ ਮਾਮਲੇ ’ਚ ਪੜਤਾਲ ਸ਼ੁਰੂ ਕਰ ਦਿੱਤੀ ਹੈ।