ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਜੂਨ
ਯੂਟੀ ਪ੍ਰਸ਼ਾਸਨ ਦੇ ਕਰ ਅਤੇ ਆਬਕਾਰੀ ਵਿਭਾਗ ਨੇ ਸ਼ਹਿਰ ਵਿਚਲੇ 94 ਸ਼ਰਾਬ ਦੇ ਠੇਕਿਆਂ ਦੀ ਈ-ਆਕਸ਼ਨ ਸ਼ੁਰੂ ਕੀਤੀ ਹੈ। ਇਸ ਦੌਰਾਨ ਅੱਜ 78 ਠੇਕਿਆਂ ਦੀ ਨਿਲਾਮੀ ਕਰਕੇ ਆਬਕਾਰੀ ਵਿਭਾਗ ਨੇ 265.32 ਕਰੋੜ ਰੁਪਏ ਕਮਾਏ ਤੇ ਬਾਕੀ 16 ਠੇਕਿਆਂ ਦੀ ਨਿਲਾਮੀ 24 ਜੂਨ ਨੂੰ ਸਵੇਰੇ 11 ਵਜੇ ਤੋਂ ਸ਼ੁਰੂ ਕਰਕੇ 29 ਜੂਨ ਦੁਪਹਿਰ 2 ਵਜੇ ਤੱਕ ਕੀਤੀ ਜਾਵੇਗੀ। ਕਰ ਅਤੇ ਆਬਕਾਰੀ ਵਿਭਾਗ ਵੱਲੋਂ ਸੈਕਟਰ-18 ਵਿਖੇ ਸਥਿਤ ਟੈਗੋਰ ਥੀਏਟਰ ਵਿਚ ਅੱਜ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕੀਤੀ। ਇਸ ਦੌਰਾਨ ਸੈਕਟਰ-9 ਦੀ ਅੰਦਰੂਨੀ ਮਾਰਕੀਟ ਵਿੱਚ ਸਥਿਤ ਸ਼ਰਾਬ ਦਾ ਠੇਕਾ ਸਭ ਤੋਂ ਮਹਿੰਗਾ ਨਿਲਾਮ ਹੋਇਆ। ਇਸ ਦਾ ਰਿਜ਼ਰਵ ਮੁੱਲ 4.12 ਕਰੋੜ ਰੁਪਏ ਸੀ ਜਦਕਿ ਇਹ 7.56 ਕਰੋੜ ਰੁਪਏ ਵਿੱਚ ਨਿਲਾਮ ਹੋਇਆ।
ਅਹਾਤਿਆਂ ਦੀ ਨਿਲਾਮੀ ਸਬੰਧੀ ਹਾਈ ਕੋਰਟ ਵੱਲੋਂ ਹਦਾਇਤ
ਚੰਡੀਗੜ੍ਹ (ਸੌਰਭ ਮਲਿਕ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਹੁਕਮ ਜਾਰੀ ਕੀਤੇ ਕਿ ਚੰਡੀਗੜ੍ਹ ਦੀ ਆਬਕਾਰੀ ਪਾਲਿਸੀ ਖ਼ਿਲਾਫ਼ ਦਾਇਰ ਪਟੀਸ਼ਨ ਦਾ ਨਿਪਟਾਰਾ ਹੋਣ ਤੱਕ ਸ਼ਹਿਰ ਵਿੱਚ ਸ਼ਰਾਬ ਦੇ ਅਹਾਦਿਆਂ ਦੀ ਨਿਲਾਮੀ ਨਾ ਕੀਤੀ ਜਾਵੇ। ਇਸ ਸਬੰਧ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੂੰ 8 ਜੁਲਾਈ ਦਾ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਪਟੀਸ਼ਨਕਰਤਾ ਰਾਜਬੀਰ ਸਿੰਘ ਨੇ ਜਸਟਿਸ ਰਾਜਨ ਗੁਪਤਾ ਤੇ ਜਸਟਿਸ ਕਰਮਜੀਤ ਸਿੰਘ ’ਤੇ ਅਧਾਰਿਤ ਬੈਂਚ ਦੇ ਧਿਆਨ ਵਿੱਚ ਲਿਆਂਦਾ ਕਿ ਕੁੱਝ ਡਿਪਾਰਮੈਂਟਲ ਸਟੋਰਾਂ ਨੂੰ ਵਿਦੇਸ਼ੀ ਸ਼ਰਾਬ ਵੇਚਣ ਲਈ 20 ਲੱਖ ਰੁਪਏ ਵਿੱਚ ਲਾਇਸੈਂਸ ਦਿੱਤਾ ਗਿਆ ਹੈ ਜਦੋਂ ਕਿ ਐਲ-2 ਰਿਟੇਲਰਜ਼ ਤੋਂ ਲਾਇਸੈਂਸ ਲਈ 4 ਕਰੋੜ ਰੁਪਏ ਵਸੂਲੇ ਗਏ ਹਨ। ਅਦਾਲਤ ਨੇ ਕਿਹਾ ਕਿ ਆਬਕਾਰੀ ਵਿਭਾਗ ਦੀ ਇਹ ਕਾਰਵਾਈ ਪੱਖਪਾਤੀ ਹੈ। ਕੇਸ ਦੀ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ।