ਪੱਤਰ ਪ੍ਰੇਰਕ/ਪੱਤਰ ਪੇ੍ਰਕ
ਐਸ.ਏ.ਐਸ. ਨਗਰ (ਮੁਹਾਲੀ)/ਖਰੜ, 1 ਫਰਵਰੀ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਇੱਕ ਆਟੋ ਚਾਲਕ ਜੋਧਾ ਸਿੰਘ ਦੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ ਮੁਲਜ਼ਮ ਨਿਰਭੈ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ (ਫਤਹਿਗੜ੍ਹ ਸਾਹਿਬ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ ਦੇਸੀ ਪਿਸਤੌਲ ਅਤੇ ਸਪਲੈਂਡਰ ਮੋਟਰ ਸਾਈਕਲ ਵੀ ਬਰਾਮਦ ਕਰ ਲਿਆ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਬੀਤੀ 25 ਜਨਵਰੀ ਨੂੰ ਇੱਕ ਆਟੋ ਚਾਲਕ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ’ਚ ਨਿਰਭੈ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ (ਫਤਹਿਗੜ੍ਹ ਸਾਹਿਬ) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਿਰਭੈ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਹੀਂ ਚਾਹੁੰਦਾ ਸੀ ਕਿ ਪਰਮਜੀਤ ਕੌਰ ਅਤੇ ਜੋਧਾ ਸਿੰਘ ਦਾ ਵਿਆਹ ਹੋਵੇ ਜਿਸ ਰੰਜਿਸ਼ ਕਾਰਨ ਉਸ ਨੇ ਇਹ ਕਤਲ ਕੀਤਾ।