ਕੁਲਦੀਪ ਸਿੰਘ
ਚੰਡੀਗੜ੍ਹ, 22 ਅਗਸਤ
ਸਿਟੀ ਬਿਊਟੀਫੁੱਲ ਦੇ ਦਿਲ ਆਖੇ ਜਾਂਦੇ ਚੰਡੀਗੜ੍ਹ ਦੇ ਸੈਕਟਰ 17 ਵਿੱਚ ਪਿਛਲੇ ਕਈ ਸਾਲਾਂ ਤੋਂ ਖ਼ਸਤਾ ਹਾਲ ਅਤੇ ਨਗਰ ਨਿਗਮ ਵੱਲੋਂ ਅਸੁਰੱਖਿਅਤ ਐਲਾਨ ਗਈ ਇੱਕ ਕਾਰ ਤੇ ਦੋ-ਪਹੀਆ ਵਾਹਨ ਪਾਰਕਿੰਗ ਅਧਿਕਾਰੀਆਂ ਦੀ ਸਵੱਲੀ ਨਜ਼ਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ ਪ੍ਰੰਤੂ ਨਿਗਮ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਇੱਥੇ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਰੋਜ਼ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਿਗਮ ਦੇ ਐੱਮਓਐੱਚ ਦਫ਼ਤਰ ਦੇ ਸਾਹਮਣੇ ਅਤੇ ਗ਼ਜ਼ਲ ਹੋਟਲ ਦੇ ਪਿਛਲੇ ਪਾਸੇ ਸਥਿਤ ਇਸ ਪਾਰਕਿੰਗ ਦੇ ਬਾਹਰ ਪਿਛਲੇ ਕਈ ਸਾਲਾਂ ਤੋਂ ‘ਖ਼ਤਰੇ’ ਦਾ ਬੋਰਡ ਲਗਾਇਆ ਹੋਇਆ ਹੈ ਅਤੇ ਇਸ ਨੂੰ ਅਸੁਰੱਖਿਅਤ ਦੱਸਦੇ ਹੋਏ ਪਾਰਕਿੰਗ ਦੇ ਅੰਦਰ ਜਾਣ ਤੋਂ ਸਖ਼ਤ ਮਨਾਹੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸੈਕਟਰ 17 ਦੇ ਇਸ ਬਲਾਕ ਅਤੇ ਆਸਪਾਸ ਕਈ ਸਰਕਾਰੀ ਤੇ ਪ੍ਰਾਈਵੇਟ ਦਫ਼ਤਰ, ਹੋਟਲ ਅਤੇ ਸ਼ੋਅਰੂਮ ਹੋਣ ਕਰ ਕੇ ਇੱਥੇ ਵੱਡੀ ਗਿਣਤੀ ਵਿੱਚ ਕਾਰਾਂ ਅਤੇ ਦੋਪਹੀਆ ਵਾਹਨਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਪਾਰਕਿੰਗ ਵਾਹਨਾਂ ਲਈ ਬੰਦ ਕੀਤੀ ਹੋਣ ਕਰ ਕੇ ਸਾਰੀਆਂ ਕਾਰਾਂ ਅਤੇ ਮੋਟਰਸਾਈਕਲ ਸੜਕ ਵਿਚਾਲੇ ਹੀ ਖੜ੍ਹੇ ਰਹਿੰਦੇ ਹਨ। ਨਿਗਮ ਵੱਲੋਂ ਭਾਵੇਂ ਕਿ ਪਾਰਕਿੰਗ ਦਾ ਠੇਕਾ ਵੀ ਦਿੱਤਾ ਹੋਇਆ ਹੈ ਅਤੇ ਵਾਹਨ ਮਾਲਕਾਂ ਤੋਂ ਪਾਰਕਿੰਗ ਦੀ ਫੀਸ ਵੀ ਵਸੂਲੀ ਜਾਂਦੀ ਹੈ ਪ੍ਰੰਤੂ ਇੱਕ ਵਾਰ ਅੰਦਰ ਕਾਰ ਜਾਂ ਮੋਟਰਸਾਈਕਲ ਲਿਜਾਣ ਤੋਂ ਬਾਅਦ ਕਾਫ਼ੀ ਅੰਦਰ ਲੱਗ ਰਹੇ ਜਾਮ ਕਾਰਨ ਅਕਸਰ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਵਾਹਨ ਮਾਲਕ ਕੰਮ ਕਰ ਕੇ ਵਾਪਸ ਆਉਂਦਾ ਹੈ ਤਾਂ ਪਹਿਲਾਂ ਤਾਂ ਉਸ ਨੂੰ ਆਪਣੀ ਕਾਰ ਅੱਗੇ ਖੜ੍ਹੀਆਂ ਕਾਰਾਂ ਨੂੰ ਧੱਕਾ ਲਗਾ ਕੇ ਇੱਧਰ-ਉੱਧਰ ਕਰਨਾ ਪੈਂਦਾ ਹੈ। ਜੇਕਰ ਕਿਸੇ ਕਾਰ ਦੀ ਹੈਂਡਬਰੇਕ ਲੱਗੀ ਹੋਵੇ ਤਾਂ ਫਿਰ ਪ੍ਰੇਸ਼ਾਨੀ ਹੋਰ ਵਧ ਜਾਂਦੀ ਹੈ ਅਤੇ ਉਸ ਨੂੰ ਅਗਲੀ-ਪਿਛਲੀ ਕਾਰ ਦੇ ਮਾਲਕ ਦੇ ਆਉਣ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਖੇਤਰ ਵਿੱਚ ਅਕਸਰ ਆਉਣ-ਜਾਣ ਵਾਲੇ ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜੇਕਰ ਇਹ ਪਾਰਕਿੰਗ ਅੰਡਰਗਰਾਊਂਡ ਸਣੇ ਦੋ ਮੰਜ਼ਿਲਾ ਬਣਾ ਦਿੱਤੀ ਜਾਵੇ ਤਾਂ ਇੱਥੇ ਪਾਰਕਿੰਗ ਦੀ ਸਮੱਸਿਆ ਖ਼ਤਮ ਹੋ ਸਕਦੀ ਹੈ।
ਪਾਰਕਿੰਗ ਨਿਗਮ ਕੋਲ ਨਹੀਂ, ਬਲਕਿ ਪ੍ਰਸ਼ਾਸਨ ਅਧੀਨ: ਚੀਫ਼ ਇੰਜਨੀਅਰ
ਚੰਡੀਗੜ੍ਹ ਨਗਰ ਨਿਗਮ ਦੇ ਚੀਫ਼ ਇੰਜਨੀਅਰ ਐੱਨ.ਪੀ. ਸ਼ਰਮਾ ਨੇ ਕਿਹਾ ਕਿ ਸੈਕਟਰ 17 ਸਥਿਤ ਉਕਤ ਪਾਰਕਿੰਗ ਯੂਟੀ ਪ੍ਰਸ਼ਾਸਨ ਦੇ ਅਧੀਨ ਹੈ ਅਤੇ ਪ੍ਰਸ਼ਾਸਨ ਵੱਲੋਂ ਇਸ ਇਮਾਰਤ ਦੀ ਰੀ-ਮਾਡਲਿੰਗ ਲਈ ਕੇਸ ਚੀਫ਼ ਆਰਕੀਟੈਕਟ ਕੋਲ ਭੇਜਿਆ ਹੋਇਆ ਹੈ। ਰੀ-ਮਾਡਲਿੰਗ ਦੀ ਮਨਜ਼ੂਰੀ ਮਿਲਣ ਤੋਂ ਹੀ ਪ੍ਰਸ਼ਾਸਨ ਵੱਲੋਂ ਇਸ ਪਾਰਕਿੰਗ ਨੂੰ ਬਣਾਇਆ ਜਾਵੇਗਾ।