ਕਰਮਜੀਤ ਿਸੰਘ ਚਿੱਲਾ
ਬਨੂੜ, 21 ਨਵੰਬਰ
ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਉੱਤੇ ਅੱਜ ਮੁਹਾਲੀ ਸਰਕਲ ਵੱਲੋਂ ਬਨੂੜ ਵਿਚ ਚੇਤਨਾ ਕਨਵੈਨਸ਼ਨ ਕੀਤੀ। ਇਸ ਕਨਵੈਨਸਨ ਦਾ ਮੁੱਖ ਮਕਸਦ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਸਮਝੌਤੇ ਸਬੰਧੀ ਜਾਣਕਾਰੀ ਦੇਣ ਅਤੇ ਬਿਜਲੀ ਬਿੱਲ 2020 ਸਬੰਧੀ ਚਰਚਾ ਕਰਨਾ ਸੀ। ਪਰਮੋਦ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਨੂੰ ਸੂਬਾਈ ਜਨਰਲ ਸਕੱਤਰ ਨਰਿੰਦਰ ਸੈਣੀ, ਐਫ਼ੀ ਦੇ ਡਿਪਰੀ ਜਨਰਲ ਸਕੱਤਰ ਜਗਦੀਸ਼ ਸ਼ਰਮਾ, ਏਟਕ ਦੇ ਸੁਰਿੰਦਰ ਪਾਲ ਲਾਹੌਰੀਆ, ਸੱਤਪਾਲ, ਸਰਕਲ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਕੁਮਾਰ, ਜਸਬੀਰ ਸਿੰਘ, ਹਰਪਾਲ ਸਿੰਘ ਸੁਨੀਲ ਕੁਮਾਰ ਨੇ ਸੰਬੋਧਨ ਕੀਤਾ। ਇਸ ਮੌਕੇ ਬਿਜਲੀ ਬਿੱਲ 2020 ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਬਿਲ ਮੁਲਾਜ਼ਮਾਂ ਅਤੇ ਖਪਤਕਾਰਾਂ ਲਈ ਬੇਹੱਦ ਘਾਤਕ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਪਾਵਰਕੌਮ ਦਾ ਕੰਮ ਪ੍ਰਾਈਵੇਟ ਠੇਕੇਦਾਰਾਂ ਨੂੰ ਦੇਣਾ ਚਾਹੁੰਦੀ ਹੈ ਅਤੇ ਵਿਭਾਗ ਵਿੱਚ ਖਾਲੀ ਪਈਆਂ ਹਜ਼ਾਰਾਂ ਆਸਾਮੀਆਂ ਨੂੰ ਭਰਿਆ ਨਹੀਂ ਜਾ ਰਿਹਾ। ਇਕੱਠ ਨੇ ਮੁਲਾਜ਼ਮਾਂ ਦੇ ਹਿੱਤਾਂ ਲਈ ਸੰਘਰਸ਼ ਕਰਨ ਦਾ ਅਹਿਦ ਲਿਆ।