ਕਰਮਜੀਤ ਸਿੰਘ ਚਿੱਲਾ
ਬਨੂੜ, 27 ਨਵੰਬਰ
ਕਿਸਾਨ ਜਥੇਬੰਦੀਆਂ ਵੱਲੋਂ ਅਜ਼ੀਜ਼ਪੁਰ ਟੌਲ ਪਲਾਜ਼ੇ ਉੱਤੇ ਪਿਛਲੇ 48 ਦਿਨਾਂ ਤੋਂ ਜਾਰੀ ਧਰਨੇ ਦੀ ਕਮਾਨ ਹੁਣ ਸਾਬਕਾ ਫੌਜੀਆਂ ਨੇ ਸਾਂਭ ਲਈ ਹੈ। ਕਿਸਾਨ ਜਥੇਬੰਦੀਆਂ ਦੇ ਕਾਰਕੁਨ ਦਿੱਲੀ ਚਲੇ ਗਏ ਹਨ ਤੇ ਐਕਸ-ਸਰਵਿਸਮੈੱਨ ਸੈੱਲ ਨੇ ਟੌਲ ਪਲਾਜ਼ਾ ਦੇ ਘਿਰਾਓ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ।
ਸਾਬਕਾ ਫੌਜੀਆਂ ਦੇ ਬਨੂੜ ਖੇਤਰ ਦੇ ਪ੍ਰਧਾਨ ਪ੍ਰੇਮ ਕੁਮਾਰ ਬਨੂੜ ਅਤੇ ਰਾਜਪੁਰਾ ਸਰਕਲ ਦੇ ਪ੍ਰਧਾਨ ਵਾਹਿਗੁਰੂ ਸਿੰਘ ਜਲਾਲਪੁਰ ਦੀ ਅਗਵਾਈ ਹੇਠ ਅੱਜ ਸਾਬਕਾ ਫੌਜੀਆਂ ਨੇ ਟੌਲ ਪਲਾਜ਼ੇ ਉੱਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੈਪਟਨ ਬੰਤ ਸਿੰਘ ਬਨੂੜ, ਕੈਪਟਨ ਹਰਭਜਨ ਸਿੰਘ, ਗੁਰਮੇਲ ਸਿੰਘ ਫੌਜੀ, ਜਸਮੇਰ ਸਿੰਘ, ਅਜੀਤ ਸਿੰਘ ਧਰਮਗੜ੍ਹ, ਰਣਜੀਤ ਸਿੰਘ ਬੂਟਾ ਸਿੰਘ ਵਾਲਾ, ਸਰਦਾਰਾ ਸਿੰਘ ਆਦਿ ਨੇ ਸ਼ਮੂਲੀਅਤ ਕਰਦਿਆਂ ਕਿਸਾਨਾਂ ਉੱਤੇ ਸਰਕਾਰ ਵੱਲੋਂ ਢਾਹੇ ਗਏ ਕਥਿਤ ਅੱਤਿਆਚਾਰ ਅਤੇ ਰੋਕਾਂ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਕਿਸਾਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਵਾਪਸ ਨਹੀਂ ਆਉਂਦੇ, ਉਦੋਂ ਤੱਕ ਸਾਬਕਾ ਫੌਜੀ ਟੌਲ ਪਲਾਜ਼ੇ ਦਾ ਘਿਰਾਓ ਜਾਰੀ ਰੱਖਣਗੇ। ਇਸੇ ਦੌਰਾਨ ਬਨੂੜ ਖੇਤਰ ਦੇ ਕਈਂ ਪਿੰਡਾਂ ਵਿੱਚ ਅੱਜ ਕਿਸਾਨ ਸੰਘਰਸ਼ ਦੀ ਜਿੱਤ ਲਈ ਗੁਰਦੁਆਰਿਆਂ ਵਿੱਚ ਅਰਦਾਸਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਮਹਿਲਾਵਾਂ ਨੇ ਵੀ ਸ਼ਿਰਕਤ ਕੀਤੀ।
ਕੌਮੀ ਮਾਰਗ ਉੱਤੇ ਨਾਕੇਬੰਦੀ ਜਾਰੀ
ਬਨੂੜ ਤੋਂ ਤੇਪਲਾ-ਸ਼ੰਭੂ ਬਾਰਡਰ ਵੱਲ ਜਾਂਦੇ ਕੌਮੀ ਮਾਰਗ ਉੱਤੇ ਆਵਾਜਾਈ ਨੂੰ ਰੋਕਣ ਲਈ ਬਨੂੜ ਪੁਲੀਸ ਦੀ ਨਾਕੇਬੰਦੀ ਅੱਜ ਦੂਜੇ ਦਿਨ ਵੀ ਜਾਰੀ ਰਹੀ। ਥਾਣਾ ਮੁਖੀ ਸੁਭਾਸ਼ ਕੁਮਾਰ ਅਤੇ ਟਰੈਫ਼ਿਕ ਇੰਚਾਰਜ ਅਮਰਜੀਤ ਸਿੰਘ ਦੀ ਅਗਵਾਈ ਹੇਠ ਲਗਾਏ ਇਨ੍ਹਾਂ ਨਾਕਿਆਂ ਉੱਤੇ ਆਵਾਜਾਈ ਨੂੰ ਤੇਪਲਾ (ਅੰਬਾਲਾ) ਵੱਲ ਜਾਣ ਦੀ ਥਾਂ ਦੂਜੇ ਪਾਸੇ ਮੋੜਿਆ ਗਿਆ। ਆਵਾਜਾਈ ਨੂੰ ਅੰਬਾਲਾ ਵੱਲ ਜਾਣ ਦੇਣ ਦੀ ਥਾਂ ਜ਼ੀਰਕਪੁਰ ਵੱਲ ਮੋੜਿਆ ਜਾ ਰਿਹਾ ਹੈ।
ਸੱਥਾਂ ਤੇ ਘਰਾਂ ਵਿੱਚ ਸੰਘਰਸ਼ ਦੀ ਚਰਚਾ
ਇਸ ਖੇਤਰ ਦੀਆਂ ਸੱਥਾਂ ਅਤੇ ਘਰਾਂ ਵਿੱਚ ਹੁਣ ਕਿਸਾਨ ਸੰਘਰਸ਼ ਦੀ ਹੀ ਚਰਚਾ ਹੈ ਅਤੇ ਜਿੱਥੇ ਵੀ ਚਾਰ ਵਿਅਕਤੀ ਇਕੱਠੇ ਖੜ੍ਹੇ ਹੁੰਦੇ ਹਨ, ਉੱਥੇ ਦਿੱਲੀ ਜਾਣ ਸਮੇਂ ਕਿਸਾਨਾਂ ਵੱਲੋਂ ਹਰਿਆਣਾ ਪੁਲੀਸ ਦੀਆਂ ਰੋਕਾਂ ਨੂੰ ਤੋੜਨ ਲਈ ਵਿਖਾਈ ਗਈ ਬਹਾਦਰੀ ਦੀਆਂ ਹੀ ਗੱਲਾਂ ਚੱਲਦੀਆਂ ਹਨ। ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਆਪਣੇ ਸਟੇਟਸਾਂ ਅਤੇ ਪੋਸਟਾਂ ਰਾਹੀਂ ਕਿਸਾਨ ਸੰਘਰਸ਼ ਨਾਲ ਜੁੜੀਆਂ ਤਸਵੀਰਾਂ ਵਾਲੀਆਂ ਪੋਸਟਾਂ ਅਤੇ ਵੀਡੀਓ ਕਲਿੱਪ ਸ਼ੇਅਰ ਕੀਤੇ ਜਾ ਰਹੇ ਹਨ।