ਜਗਮੋਹਨ ਸਿੰਘ
ਰੂਪਨਗਰ, 31 ਜਨਵਰੀ
ਬਾਬਾ ਗਾਜ਼ੀਦਾਸ ਕਲੱਬ ਰੋਡਮਾਜਰਾ ਚੱਕਲਾਂ ਵੱਲੋਂ ਸਾਲਾਨਾ ਖੇਡ ਮੇਲਾ ਅੱਜ ਸ਼ੁਰੂ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਦੀ ਦੇਖ-ਰੇਖ ਅਧੀਨ ਕਰਵਾਏ ਜਾ ਰਹੇ ਖੇਡ ਮੇਲੇ ਦਾ ਉਦਘਾਟਨ ਏ.ਡੀ.ਸੀ. ਪੂਜਾ ਸਿਆਲ ਗਰੇਵਾਲ ਨੇ ਕੀਤਾ। ਪਹਿਲੇ ਦਿਨ ਲੜਕੀਆਂ ਦੇ ਸਰਕਲ ਅਤੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ਤੋਂ ਇਲਾਵਾ ਲੜਕਿਆਂ ਦੇ ਸਰਕਲ ਸਟਾਈਲ ਕਬੱਡੀ ਅਤੇ ਵਾਲੀਬਾਲ ਮੁਕਾਬਲੇ ਕਰਵਾਏ ਗਏ। ਲੜਕੀਆਂ ਦੇ ਸਰਕਲ ਸਟਾਈਲ ਮੁਕਾਬਲਿਆਂ ਵਿੱਚ ਮਤਲੋਡਾ ਹਰਿਆਣਾ ਦੀ ਟੀਮ ਪਹਿਲੇ ਅਤੇ ਲੱਕੜ ਵਾਲਾ ਕਲੱਬ ਯੂ.ਐਸ.ਏ. ਦੀ ਟੀਮ ਦੂਜੇ ਸਥਾਨ ’ਤੇ ਰਹੀ। ਨੈਸ਼ਨਲ ਸਟਾਈਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਜੀਂਦ (ਹਰਿਆਣਾ) ਦੀ ਟੀਮ ਪਹਿਲੇ ਤੇ ਸੋਨੀਪਤ ਦੀ ਟੀਮ ਦੂਜੇ ਨੰਬਰ ’ਤੇ ਰਹੀ। ਵਾਲੀਬਾਲ ਦੇ ਫਾਈਨਲ ਵਿੱਚ ਲਖਣਪੁਰ ਦੇ ਮੰਦਵਾੜਾ ਦੀਆਂ ਟੀਮਾਂ ਬਰਾਬਰ ਰਹੀਆਂ। ਪ੍ਰਬੰਧਕ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ 1 ਫਰਵਰੀ ਨੂੰ ਰੱਸਾਕਸ਼ੀ ਤੋਂ ਇਲਾਵਾ ਮੇਜਰ ਲੀਗ ਫੈੱਡਰੇਸ਼ਨ ਦੀਆਂ 8 ਟੀਮਾਂ ਦੇ ਮੁਕਾਬਲੇ ਹੋਣਗੇ ਤੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਭੜੌਂਜੀਆਂ ਤੇ ਮਰਹੂਮ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਕਬੱਡੀ ਕੋਚ ਦੇਵੀ ਦਿਆਲ ਸ਼ਰਮਾ ਦੇ ਪਰਿਵਾਰਾਂ ਨੂੰ 10-10 ਗ੍ਰਾਮ ਸੋਨੇ ਦੇ ਸਿੱਕਿਆਂ ਨਾਲ ਸਨਮਾਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਖੇਡ ਮੇਲਾ ਐੱਨਆਰਆਈ ਭਰਾਵਾਂ, ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ 30 ਲੱਖ ਰੁਪਏ ਨਾਲ ਕਰਵਾਇਆ ਜਾ ਰਿਹਾ ਹੈ ਤੇ ਇਸ ਵਿੱਚੋਂ 25 ਲੱਖ ਰੁਪਏ ਸਿਰਫ ਖਿਡਾਰੀਆਂ ਦੇ ਇਨਾਮਾਂ ਲਈ ਰਾਖਵੀਂ ਰੱਖੀ ਗਈ ਹੈ। ਇਸ ਮੌਕੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਰੂਪਨਗਰ, ਚਰਨਜੀਤ ਕੌਰ ਚੰਡੀਗੜ੍ਹ, ਗੁਰਦੇਵ ਸਿੰਘ ਅਟਵਾਲ, ਸ਼ਿੰਦਰਪਾਲ ਕੌਰ, ਜਸਪਾਲ ਸਿੰਘ ਦਿਓਲ, ਰੁਪਿੰਦਰਜੀਤ ਕੌਰ ਡੀ.ਐਸ.ਪੀ. ਰੂਪਨਗਰ, ਬੀ.ਡੀ.ਪੀ.ਓ. ਬਲਜਿੰਦਰ ਸਿੰਘ ਗਰੇਵਾਲ, ਬਿੱਟੂ ਬਾਜਵਾ ਸਰਪੰਚ ਰੋਡੇਮਾਜਰਾ, ਜੈ ਸਿੰਘ ਚੱਕਲਾਂ, ਕਿਸਾਨ ਆਗੂ ਮੋਹਰ ਸਿੰਘ ਖਾਬੜਾ, ਪਰਮਜੀਤ ਸਿੰਘ ਲੱਖੇਵਾਲ, ਬਲਵਿੰਦਰ ਸਿੰਘ ਸਰਪੰਚ ਚੱਕਲਾਂ, ਗੁਰਦੀਪ ਸਿੰਘ ਮਾਹਲ ਤੇ ਐਸ.ਐਚ.ਓ. ਯੋਗੇਸ਼ ਕੁਮਾਰ ਸਿੰਘ ਭਗਵੰਤਪੁਰ ਸਮੇਤ ਮੋਹਤਬਰ ਹਾਜ਼ਰ ਸਨ।