ਮੁਕੇਸ਼ ਕੁਮਾਰ
ਚੰਡੀਗੜ੍ਹ, 20 ਨਵੰਬਰ
ਕੇਂਦਰ ਸਰਕਾਰ ਵਲੋਂ ਅੱਜ ‘ਸਵੱਛ ਸਰਵੇਖਣ 2021’ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਸ਼ਹਿਰ ਨੂੰ ਦੇਸ਼ ਭਰ ਦੇ ਸ਼ਹਿਰਾਂ ਦਰਮਿਆਨ ਸਵੱਛਤਾ ਸਬੰਧੀ ਕਰਵਾਏ ਗਏ ਮੁਕਾਬਲਿਆਂ ਵਿੱਚ 66ਵਾਂ ਰੈਂਕ ਮਿਲਿਆ ਹੈ, ਜਦੋਂ ਕਿ ਚੰਡੀਗੜ੍ਹ ਨੇ ਪਿਛਲੇ ਸਾਲ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਚੰਡੀਗੜ੍ਹ 16ਵੇਂ ਸਥਾਨ ’ਤੇ ਸੀ। ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਲਗਾਤਾਰ ਇਸ ਸਾਲ ਵੀ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਦੇ ਰੈਂਕਿੰਗ ਨਾਲ ਦੇਸ਼ ਭਰ ਦੇ ਸ਼ਹਿਰਾਂ ਵਿੱਚ ਮੋਹਰੀ ਬਣਿਆ ਹੋਇਆ ਹੈ। ਇਸ ਤਰ੍ਹਾਂ ਗੁਜਰਾਤ ਦਾ ਸੂਰਤ ਸ਼ਹਿਰ ਦੂਜੇ ਅਤੇ ਵਿਜੇਵਾੜਾ ਸ਼ਹਿਰ ਤੀਜੇ ਨੰਬਰ ’ਤੇ ਆਇਆ ਹੈ।
ਚੰਡੀਗੜ੍ਹ ਸ਼ਹਿਰ ਨੂੰ 66ਵੀਂ ਰੈਂਕਿੰਗ ਦੇ ਮਾੜੇ ਪ੍ਰਦਰਸ਼ਨ ਦੌਰਾਨ ਕੇਵਲ ‘ਸਫ਼ਾਈ ਮਿੱਤਰ ਸੁਰੱਖਿਆ ਚੈਲੇਂਜ’ ਪੁਰਸਕਾਰ ਜਿੱਤਣ ਨਾਲ ਹੀ ਸਬਰ ਕਰਨਾ ਪਿਆ। ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਅੱਜ ਦਿੱਲੀ ਵਿਖੇ ਕੀਤੇ ਗਏ ਇੱਕ ਸਮਾਗਮ ਦੌਰਾਨ ਇਨ੍ਹਾਂ ਨਤੀਜਿਆਂ ਦਾ ਐਲਾਨ ਕੀਤਾ ਗਿਆ। ‘ਸੁੰਦਰ ਸ਼ਹਿਰ’ ਦੇ ਨਾਮ ਨਾਲ ਜਾਣੇ ਜਾਣ ਵਾਲੇ ਚੰਡੀਗੜ੍ਹ ਸ਼ਹਿਰ ਦਾ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪੰਜਾਹ ਰੈਂਕ ਪੱਛੜ ਕੇ 66ਵੇਂ ਨੰਬਰ ’ਤੇ ਆਉਣ ਤੇ ਸ਼ਹਿਰ ਵਾਸੀ ਨਿਰਾਸ਼ ਹਨ।
ਇਸ ਵਾਰ ਸਵੱਛ ਸਰਵੇਖਣ ਵਿੱਚ ਚੰਡੀਗੜ੍ਹ ਦਾ ਪ੍ਰਦਰਸ਼ਨ ਹੁਣ ਤੱਕ ਦਾ ਸਭ ਤੋਂ ਖ਼ਰਾਬ ਰਿਹਾ ਹੈ। ਇਨ੍ਹਾਂ ਮੁਕਾਬਲਿਆਂ ਦੌਰਾਨ ਚੰਡੀਗੜ੍ਹ ਨੇ ਕੁੱਲ 6000 ਅੰਕਾਂ ਵਿੱਚੋਂ 4277. 29 ਅੰਕ ਹਾਸਲ ਕੀਤੇ। ਇਸ ਸਾਲ ਕਰਵਾਏ ਗਏ ‘ਸਵੱਛ ਸਰਵੇਖਣ-2021’ ਮੁਕਾਬਲਿਆਂ ਵਿੱਚ ਕੁੱਲ ਮਿਲਾ ਕੇ 4,320 ਸ਼ਹਿਰਾਂ ਦਾ ਵੱਖ-ਵੱਖ ਮਾਪਦੰਡਾਂ ਅਧੀਨ ਮੁਲਾਂਕਣ ਕੀਤਾ ਗਿਆ ਸੀ। ਮੋਬਾਈਲ ਐਪਸ ਅਤੇ ਪੋਰਟਲ ਸਮੇਤ ਵੱਖ-ਵੱਖ ਪਲੇਟਫਾਰਮਾਂ ਤੋਂ ਇਕੱਤਰ ਕੀਤੇ ਜਾ ਰਹੇ ਡੇਟਾ ਦੇ ਨਾਲ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲਾਈਜ਼ ਕੀਤਾ ਗਿਆ ਸੀ। ਪਿਛਲੇ ਸਾਲ 2020 ਵਿੱਚ 16ਵਾਂ ਰੈਂਕ ਮਿਲਣ ਤੋਂ ਬਾਅਦ ਵੀ ਨਗਰ ਨਿਗਮ ਨੇ ਕੋਈ ਸਿਖਿਆ ਨਾ ਲੈਕੇ ਇਸ ਸਾਲ ਕਰਵਾਏ ਗਏ ਸਵੱਛ ਸਰਵੇਖਣ ਮੁਕਾਬਲਿਆਂ ਵਿੱਚ ਮਾੜਾ ਪ੍ਰਦਰਸ਼ਨ ਕੀਤਾ। ਚੰਡੀਗੜ੍ਹ ਨਗਰ ਨਿਗਮ ਦੇ ਸਾਰੇ ਦਾਅਵੇ ਫੇਲ ਸਾਬਤ ਹੋਏ ਹਨ। ਨਗਰ ਨਿਗਮ ਸਵੱਛ ਸਰਵੇਖਣ-2021 ਰੈਂਕਿੰਗ ਵਿੱਚ ਇਸ ਵਾਰ ਸੁਧਾਰ ਦੇ ਵੱਡੇ ਵੱਡੀ ਦਾਅਵੇ ਕਰ ਰਿਹਾ ਸੀ, ਲੇਕਿਨ ਸਾਰੇ ਦਾਅਵੇ ਗਲਤ ਸਾਬਤ ਹੋਏ।
ਕੇਂਦਰ ਸਰਕਾਰ ਵਲੋਂ ‘ਸਵੱਛ ਸਰਵੇਖਣ-2021’ ਮੁਕਾਬਲਿਆਂ ਦੇ ਅੱਜ ਐਲਾਨੇ ਗਏ ਨਤੀਜਿਆਂ ਦੌਰਾਨ ਚੰਡੀਗੜ੍ਹ ਸ਼ਹਿਰ ਨੂੰ ‘ਸਫ਼ਾਈ ਮਿੱਤਰ ਸੁਰੱਖਿਆ ਚੈਲੇਂਜ’ ਲਈ ਸਭ ਤੋਂ ਉੱਤਮ ਪ੍ਰਦਰਸ਼ਨ ਕਰਨ ਵਾਲੇ ਕੇਂਦਰ ਸ਼ਾਸਤ ਪ੍ਰਦੇਸ਼ ਦਾ ਪੁਰਸਕਾਰ ਮਿਲਿਆ ਹੈ। ਇਹ ਪੁਰਸਕਾਰ ਕੇਂਦਰੀ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿੱਚ ਕੀਤੇ ਗਏ ਸਮਾਗਮ ਦੌਰਾਨ ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ ਨੂੰ ਸੌਂਪਿਆ।
‘ਆਪ’ ਨੇ ਭਾਜਪਾ ਨੂੰ ਦੋਸ਼ੀ ਦੱਸਿਆ
ਆਮ ਆਦਮੀ ਪਾਰਟੀ ਚੰਡੀਗੜ੍ਹ ਨੇ ਚੰਡੀਗੜ੍ਹ ਸ਼ਹਿਰ ਦੇ ਇਸ ਸਾਲ ਹੋਏ ਸਵੱਛ ਸਰਵੇਖਣ ਵਿੱਚ ਖ਼ਰਾਬ ਪ੍ਰਦਰਸ਼ਨ ਦੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਮ ਆਦਮੀ ਪਾਰਟੀ ਪਾਰਟੀ ਆਗੂ ਪ੍ਰਦੀਪ ਛਾਬੜਾ ਨੇ ਚੰਡੀਗੜ੍ਹ ਦੀ ਰੈਂਕਿੰਗ ਵਿੱਚ ਆਈ ਵੱਡੇ ਪੱਧਰ ’ਤੇ ਗਿਰਾਵਟ ਲਈ ਭਾਜਪਾ ਨੂੰ ਪੂਰੀ ਤਰਾਂ ਨਾਲ ਦੋਸ਼ੀ ਕਰਾਰ ਦਿੱਤਾ ਹੈ। ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਕ ਨੂੰ ਸ਼ਹਿਰ ਦੇ ਮੇਅਰ ਸਮੇਤ ਪੂਰੇ ਨਗਰ ਨਿਗਮ ਹਾਊਸ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
ਕਾਂਗਰਸ ਨੇ ਮੇਅਰ ਤੋਂ ਅਸਤੀਫ਼ਾ ਮੰਗਿਆ
ਚੰਡੀਗੜ੍ਹ ਸ਼ਹਿਰ ਦੇ ਇਸ ਸਾਲ ਕਰਵਾਏ ਗਏ ਸਵੱਛ ਸਰਵੇਖਣ ਮੁਕਾਬਲਿਆਂ ਦੌਰਾਨ ਮਿਲੇ 66ਵੇਂ ਨੰਬਰ ਦੇ ਰੈਂਕ ਨੂੰ ਲੈਕੇ ਸ਼ਹਿਰ ਦੀਆਂ ਤਮਾਮ ਵਿਰੋਧੀ ਰਾਜਨੀਤਿਕ ਪਾਰਟੀਆਂ ਨੇ ਨਗਰ ਨਿਗਮ ਵਿੱਚ ਹਾਕਮ ਧਿਰ ਭਾਜਪਾ ਨੂੰ ਇਹਨਾਂ ਮਾੜੇ ਨਤੀਜਿਆਂ ਲਈ ਜ਼ਿੰਮੇਵਾਰ ਦੱਸਦਿਆਂ ਜ਼ੁਬਾਨੀ ਹਮਲਾ ਬੋਲ ਦਿੱਤਾ ਹੈ। ਚੰਡੀਗੜ੍ਹ ਕਾਂਗਰਸ ਨੇ ਇਸ ਸਾਲ ਸਵੱਛ ਸਰਵੇਖਣ ਦੌਰਾਨ ਕਰਵਾਏ ਗਏ ਮੁਕਾਬਲਿਆਂ ਦੌਰਾਨ ਸ਼ਹਿਰ ਦੇ ਖ਼ਰਾਬ ਪ੍ਰਦਰਸ਼ਨ ਸਬੰਧੀ ਮੇਅਰ ਰਵੀ ਕਾਂਤ ਦੇ ਅਸਤੀਫੇ ਦੀ ਮੰਗ ਕੀਤੀ ਹੈ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ’ਤੇ ਜਨਰਲ ਸਕੱਤਰ ਹਰਮੋਹਿੰਦਰ ਸਿੰਘ ਲਕੀ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਸ਼ਹਿਰ ਦੇ ਖ਼ਰਾਬ ਪ੍ਰਦਰਸ਼ਨ ਲਾਈ ਭਾਜਪਾ ਅਤੇ ਭਾਜਪਾ ਦੇ ਮੇਅਰ ਰਵੀ ਕਾਂਤ ਸ਼ਰਮਾ ਨੂੰ ਜ਼ਿੰਮੇਦਾਰ ਦੱਸਿਆ ਹੈ। ਨਿਗਮ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਅੱਜ ਨਗਰ ਨਿਗਮ ਨੂੰ ਬਣੇ ਪੂਰੇ 26 ਸਾਲ ਹੋ ਗਏ ਹਨ, ਸ਼ਹਿਰ ਵਿੱਚ ਮੌਜੂਦਾ ਸਮੇਂ ਜਿਨ੍ਹਾਂ ਸਫ਼ਾਈ ਦਾ ਇੰਨਾ ਭੈੜਾ ਹਾਲ ਕਦੇ ਨਹੀਂ ਹੋਇਆ। ਜਦੋਂ ਤੋਂ ਨਗਰ ਨਿਗਮ ਵਿੱਚ ਭਾਜਪਾ ਨੇ ਕਮਾਨ ਸੰਭਾਲੀ ਹੈ, ਸ਼ਹਿਰ ਵਿੱਚ ਸਫ਼ਾਈ ਦਾ ਹਰ ਸਾਲ ਗਰਾਫ ਡਿੱਗਦਾ ਜਾ ਰਿਹਾ ਹੈ।
ਮੁਹਾਲੀ ਨੂੰ ਮਿਲਿਆ 81ਵਾਂ ਰੈਂਕ
ਐੱਸਏਐੱਸ ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਸਵੱਛ ਸਰਵੇਖਣ-2021 ਵਿੱਚ ਪਹਿਲੇ ਨੰਬਰ ਉੱਤੇ ਆਉਣ ਦਾ ਸੁਪਨਾ ਦੇਖ ਰਹੀ ਮੁਹਾਲੀ ਨਗਰ ਨਿਗਮ ਨੂੰ 81ਵਾਂ ਰੈਂਕ ਮਿਲਿਆ ਹੈ। ਉਂਜ ਪਹਿਲਾਂ ਨਾਲੋਂ ਰੈਂਕਿੰਗ ਵਿੱਚ ਕਾਫ਼ੀ ਸੁਧਾਰ ਹੋਇਆ ਹੈ। 2019 ਵਿੱਚ ਮੁਹਾਲੀ ਦਾ ਸਫ਼ਾਈ ਸਰਵੇਖਣ ਵਿੱਚ ਰੈਂਕ 150 ਤੋਂ ਹੇਠਾਂ ਸੀ ਅਤੇ 2020 ਵਿੱਚ ਵੀ 150 ਤੋਂ ਹੇਠਾਂ ਹੀ ਚਲਾ ਗਿਆ ਸੀ ਪਰ ਇਸ ਵਾਰ ਨਿਗਮ ਦੀ ਸ਼ਾਨਦਾਰ ਕਾਰਗੁਜ਼ਾਰੀ ਨਜ਼ਰ ਆਈ ਹੈ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਵੱਛ ਸਰਵੇਖਣ ਦੇ ਇਨ੍ਹਾਂ ਨਤੀਜਿਆਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਮੁਹਾਲੀ ਨੇ ਆਪਣੀ ਰੈਕਿੰਗ ਵਿੱਚ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮੁਹਾਲੀ ਨੂੰ ਸਵੱਛ ਸਰਵੇਖਣ ਵਿੱਚ ਨੰਬਰ 1 ’ਤੇ ਦੇਖਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਮੇਅਰ ਦੀ ਨਵੀਂ ਟੀਮ ਜਿਸ ਤਰੀਕੇ ਨਾਲ ਮਿਹਨਤ ਕਰ ਰਹੀ ਹੈ, ਉਹ ਦਿਨ ਦੂਰ ਨਹੀਂ ਜਦੋਂ ਉਨ੍ਹਾਂ ਦਾ ਸੁਫ਼ਨਾ ਪੂਰਾ ਹੋ ਜਾਵੇਗਾ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸਵੱਛ ਸਰਵੇਖਣ ਦੇ ਪੁਆਇੰਟਾਂ ਵਿੱਚ ਨਗਰ ਨਿਗਮ ਨੇ ਲੰਮੀ ਛਾਲ ਮਾਰਦਿਆਂ 3510 ਅੰਕ ਹਾਸਲ ਕੀਤੇ ਹਨ।