ਡਾ. ਹਿਮਾਂਸ਼ੂ ਸੂਦ
ਫਤਹਿਗੜ੍ਹ ਸਾਹਿਬ, 18 ਜੁਲਾਈ
ਪੰਥਕ ਅਕਾਲੀ ਲਹਿਰ ਦੇ ਮਾਲਵਾ ਜ਼ੋਨ ਦੇ ਮੁੱਖ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਇੱਕ ਮੀਟਿੰਗ ਅੱਜ ਇਥੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪੰਥਕ ਅਕਾਲੀ ਲਹਿਰ ਦੇ ਮੁਖੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕੇਂਦਰ ਸਰਕਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰਨਾ ਸਿਰਫ ਇੱਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਜਥੇਦਾਰਾਂ ਵਿੱਚ ਹਿੰਮਤ ਨਹੀਂ ਕਿ ਪੰਥ ਦੇ ਵਡੇਰੇ ਹਿੱਤਾਂ ਲਈ ਉਹ ਸੁਖਬੀਰ ਨੂੰ ਬੱਜਰ ਗਲਤੀਆਂ ਦੇ ਕਾਰਨ ਸਿੱਖ ਪੰਥ ’ਚੋਂ ਛੇਕ ਦੇਣ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤਾਂ ਵੱਲੋਂ ਨਕਾਰਿਆਂ ਹੋਇਆ ਅਕਾਲੀ ਦਲ ਬਾਦਲ ਪੰਥ ਦਾ ਹੋਰ ਵੱਡਾ ਨੁਕਸਾਨ ਕਰਨਗੇ।
ਉਨ੍ਹਾਂ ਕਿਹਾ ਕਿ ਦੇਸ਼ ’ਚ ਸਾਰੀਆਂ ਚੋਣਾਂ ਸਮੇਂ ਸਿਰ ਹੋ ਰਹੀਆਂ ਹਨ ਪਰ ਇਹ ਕਮੇਟੀ ਦੀਆਂ ਚੋਣਾਂ 12 ਸਾਲ ਤੋਂ ਨਹੀਂ ਹੋਈਆਂ। ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਤੋਂ ਸ਼੍ਰੋੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਪੰਥਕ ਅਕਾਲੀ ਲਹਿਰ ਨੂੰ ਧਾਰਮਿਕ ਖੇਤਰ ਦੀ ਵੋਟ ਦੇਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਉਹ ਧਾਰਮਿਕ ਖੇਤਰ ’ਚ ਸਿੱਖ ਧਰਮ ਦੇ ਫਲਸਫੇ ਨੂੰ ਅੱਗੇ ਵਧਾਉਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਕਮੇਟੀ ਮੈਂਬਰ ਨਿਰਮਲ ਸਿੰਘ ਜੌਲਾ, ਭਾਈ ਸੁਖਵਿੰਦਰ ਸਿੰਘ ਰਤਵਾੜਾ, ਦਫ਼ਤਰ ਸਕੱਤਰ ਅੰਮ੍ਰਿਤ ਸਿੰਘ ਰਤਨਗੜ੍ਹ ਅਤੇ ਸਾਬਕਾ ਕੌਂਸਲ ਪ੍ਰਧਾਨ ਸ਼ੇਰ ਸਿੰਘ ਆਦਿ ਹਾਜ਼ਰ ਸਨ।