ਪੱਤਰ ਪ੍ਰੇਰਕ
ਬਨੂੜ, 12 ਅਕਤੂਬਰ
ਇੱਥੋਂ ਦੇ ਹਾਊਸਫੈੱਡ ਕੰਪਲੈਕਸ ਦਾ ਪ੍ਰਬੰਧ ਚਲਾਉਣ ਵਾਲੀ ਬਾਬਾ ਜ਼ੋਰਾਵਰ ਸਿੰਘ ਮਕਾਨ ਉਸਾਰੀ ਸਭਾ ਦੀ ਪ੍ਰਧਾਨਗੀ ਦੀ ਚੋਣ ਵਿੱਚ ਮਾਸਟਰ ਕੌਰ ਸਿੰਘ ਗਰੁੱਪ ਦਾ ਸਾਥ ਛੱਡਣ ਵਾਲੇ ਸੁਸਾਇਟੀ ਦੇ ਬਹਾਦਰ ਸਿੰਘ ਪ੍ਰਧਾਨ ਚੁਣੇ ਗਏ। ਉਨ੍ਹਾਂ ਮਾਸਟਰ ਕੌਰ ਸਿੰਘ ਨੂੰ ਇੱਕ ਵੋਟ ਦੇ ਫ਼ਰਕ ਨਾਲ ਹਰਾਇਆ। ਨੌਂ ਮੈਂਬਰੀ ਕਮੇਟੀ ਵਿੱਚ ਮਾਸਟਰ ਕੌਰ ਨੂੰ ਚਾਰ ਅਤੇ ਬਹਾਦਰ ਸਿੰਘ ਨੂੰ ਪੰਜ ਵੋਟਾਂ ਮਿਲੀਆਂ। ਬਹਾਦਰ ਸਿੰਘ ਨੇ ਮੈਂਬਰੀ ਦੀ ਚੋਣ ਮਾਸਟਰ ਕੌਰ ਸਿੰਘ ਦੇ ਧੜੇ ਵਜੋਂ ਲੜ ਕੇ ਜਿੱਤ ਦਰਜ ਕੀਤੀ ਸੀ।
ਅੱਜ ਸਵੇਰੇ 10 ਵਜੇ ਦੇ ਕਰੀਬ ਪ੍ਰਧਾਨਗੀ ਦੀ ਚੋਣ ਕਰਵਾਉਣ ਲਈ ਸਹਿਕਾਰੀ ਸਭਾਵਾਂ ਦੀ ਇੰਸਪੈਕਟਰ ਰਮਨਦੀਪ ਕੌਰ ਤੇ ਮੈਨੇਜਰ ਗੁਰਤੇਜ ਸਿੰਘ ਕੰਪਲੈਕਸ ਵਿੱਚ ਪੁੱਜੇ। ਉਨ੍ਹਾਂ ਸੁਸਾਇਟੀ ਦੀ ਚੋਣ ਜਿੱਤੇ ਹੋਏ ਨੌਂ ਮੈਂਬਰਾਂ ਨੂੰ ਮੀਟਿੰਗ ਹਾਲ ਵਿੱਚ ਸੱਦ ਕੇ ਚੋਣ ਪ੍ਰਕਿਰਿਆ ਆਰੰਭ ਕਰਵਾਈ। ਕੰਪਲੈਕਸ ਦੇ ਅੰਦਰ ਰਹਿੰਦੇ ਪਰਿਵਾਰਾਂ ਵੱਲੋਂ ਬਣਾਈ ਰੈਜ਼ੀਡੈਂਟਸ ਕਮੇਟੀ ਦੇ ਮਾਸਟਰ ਸ਼ਮਸ਼ੇਰ ਸਿੰਘ ਗਰੁੱਪ ਵਿੱਚ ਸ਼ਾਮਲ ਹੋਏ ਬਹਾਦਰ ਸਿੰਘ ਦਾ ਪ੍ਰਧਾਨਗੀ ਲਈ ਨਾਮ ਗਿਆਨ ਚੰਦ ਨੇ ਪੇਸ਼ ਕੀਤਾ, ਜਿਸ ਦੀ ਦਵਿੰਦਰ ਕੁਮਾਰ ਨੇ ਤਾਈਦ ਕੀਤੀ। ਦੂਜੇ ਪਾਸਿਓਂ ਮਾਸਟਰ ਕੌਰ ਸਿੰਘ ਦਾ ਨਾਮ ਪੇਸ਼ ਹੋਇਆ। ਹੱਥ ਖੜ੍ਹੇ ਕਰਵਾ ਕੇ ਚੋਣ ਕਰਵਾਈ ਗਈ ਤੇ ਨਵੇਂ ਬਣੇ ਪ੍ਰਧਾਨ ਦੇ ਹੱਕ ਵਿੱਚ ਪੰਜ ਮੈਂਬਰਾਂ ਨੇ ਹੱਥ ਖੜ੍ਹੇ ਕਰ ਕੇ ਆਪਣੀ ਜਿੱਤ ਦਰਜ ਕਰਵਾਈ। ਇਸੇ ਗਰੁੱਪ ਦੀ ਰੀਨਾ ਸੈਣੀ ਨੂੰ ਮੀਤ ਪ੍ਰਧਾਨ, ਦਵਿੰਦਰ ਕੁਮਾਰ, ਗਿਆਨ ਚੰਦ, ਨੀਨਾ ਗੋਇਲ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਬਹਾਦਰ ਸਿੰਘ ਨੇ ਕਿਹਾ ਕਿ ਉਹ ਸਾਰੇ ਅਲਾਟੀਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਉਨ੍ਹਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਹੱਲ ਕਰਾਉਣਗੇ।