ਕੁਲਦੀਪ ਸਿੰਘ
ਚੰਡੀਗੜ੍ਹ, 10 ਸਤੰਬਰ
ਚੰਡੀਗੜ੍ਹ ਵਿੱਚ ਪੜ੍ਹ ਰਹੇ ਅਫ਼ਗਾਨ ਵਿਦਿਆਰਥੀਆਂ ਦੀ ਮੱਦਦ ਲਈ ਯੁਵਾਸੱਤਾ ਦੇ ਵਾਲੰਟੀਅਰ ਅੱਗੇ ਆਏ ਹਨ। ਅੱਜ ਇੱਥੇ ਸੈਕਟਰ 36 ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿੱਚ ਯੁਵਾਸੱਤਾ ਦੇ ਸੰਯੋਜਕ ਪ੍ਰਮੋਦ ਸ਼ਰਮਾ ਨੇ ਮੱਦਦ ਦਾ ਐਲਾਨ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਚੰਡੀਗੜ੍ਹ ਵਿੱਚ ਲਗਪਗ 80-90 ਅਫ਼ਗਾਨ ਲੜਕੇ ਲੜਕੀਆਂ ਹਨ, ਇਸ ਲਈ ਉਨ੍ਹਾਂ ਦੇ ਵਾਲੰਟੀਅਰ ਇਹ ਯਕੀਨੀ ਬਣਾਉਣਗੇ ਕਿ ਇਹ ਅਫ਼ਗਾਨੀ ਵਿਦਿਆਰਥੀ ਖ਼ੁਦ ਨੂੰ ਇਕੱਲਾ ਮਹਿਸੂਸ ਨਾ ਕਰਨ। ਉਨ੍ਹਾਂ ਦੱਸਿਆ ਕਿ 19 ਸਤੰਬਰ ਨੂੰ ਯੁਵਾਸੱਤਾ ਵੱਲੋਂ ਸਾਰੇ ਅਫ਼ਗਾਨ ਵਿਦਿਆਰਥੀਆਂ ਲਈ ਸੈਕਟਰ 26 ਸਥਿਤ ਕਿਤਾਬ ਘਰ ਵਿੱਚ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਸੰਸਥਾ ਦੇ ਸ਼ੁਭਚਿੰਤਕ ਸੁਰਿੰਦਰ ਕੁਮਾਰ ਕੰਸਲ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਦੇਣ ਲਈ 21 ਹਜ਼ਾਰ ਰੁਪਏ ਦਿੱਤੇ। ਪੀਪਲਜ਼ ਕਨਵੈਨਸ਼ਨ ਸੈਂਟਰ ਦੇ ਅਵਤਾਰ ਸਿੰਘ ਪਾਲ ਅਤੇ ਮੁਜ਼ਦੀਦੀ ਐਜੂਕੇਸ਼ਨ ਸੁਸਾਇਟੀ ਮਨੀਮਾਜਰਾ ਦੇ ਪ੍ਰਧਾਨ ਮੌਲਵੀ ਮੁਹੰਮਦ ਇਮਰਾਨ ਮੁਜ਼ਦੀਦੀ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਫ਼ਗਾਨ ਵਿਦਿਆਰਥੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ। ‘ਅਫ਼ਗਾਨ ਸਟੂਡੈਂਟਸ ਯੂਨਿਟੀ ਗਰੁੱਪ’ ਦੇ ਮੁਖੀ ਅਬਦੁਲ ਮੋਨੀਰ ਕੱਕੜ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਸਾਰੇ ਸਰਕਾਰੀ ਬੈਂਕ ਬੰਦ ਹੋਣ ਉਹ ਪ੍ਰੇਸ਼ਾਨੀਆਂ ਵਿੱਚੋਂ ਗੁਜ਼ਰ ਰਹੇ ਹਨ। ਉੱਧਰੋਂ ਆਈਸੀਸੀਆਰ ਸਕਾਲਰਸ਼ਿਪ ਵੀ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਪੈਸੇ ਨਾ ਹੋਣ ਕਰਕੇ ਇੰਟਰਨੈੱਟ ਦਾ ਪ੍ਰਬੰਧ ਨਹੀਂ ਹੈ ਜਿਸ ਕਰਕੇ ਆਨਲਾਈਨ ਕਲਾਸਾਂ ਲਗਾਉਣ ਦੇ ਸਮਰੱਥ ਵੀ ਨਹੀਂ ਹਨ। ਉਨ੍ਹਾਂ ਮੱਦਦ ਦੀ ਅਪੀਲ ਕੀਤੀ ਹੈ।
ਨਵਜੋਤ ਸਿੱਧੂ ਤੇ ਨਾਗਰਾ ਵੱਲੋਂ ਵੀ ਵਿਦਿਆਰਥੀਆਂ ਨਾਲ ਮੁਲਾਕਾਤ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵੀ ਅੱਜ ਪੀਪਲਜ਼ ਕਨਵੈਨਸ਼ਨ ਸੈਂਟਰ ਪਹੁੰਚ ਕੇ ਅਫ਼ਗਾਨ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਵਿਦਿਆਰਥੀਆਂ ਨੂੰ ਹਰ ਸੰਭਵ ਮੱਦਦ ਦੇਣ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੀ ਮੱਦਦ ਲਈ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।
ਦਾਨ ਲਈ ਯੁਵਾਸੱਤਾ ਦੇ ਬੈਂਕ ਖਾਤੇ ਦਾ ਨੰਬਰ ਜਾਰੀ
ਅਫਗਾਨ ਵਿਦਿਆਰਥੀਆਂ ਨੇ ਚੰਡੀਗੜ੍ਹ ਵਿੱਚ ‘ਅਫ਼ਗਾਨ ਸਟੂਡੈਂਟਸ ਯੂਨਿਟੀ ਗਰੁੱਪ’ ਲਈ ਦਾਨ ਕਰਨ ਵਾਲੇ ਦਾਨੀ ਸੱਜਣਾਂ ਲਈ ਯੁਵਸੱਤਾ ਬੈਂਕ ਦੀ ਪੂਰੀ ਜਾਣਕਾਰੀ ਵੀ ਸਾਂਝੀ ਕੀਤੀ ਹੈ। ਦਾਨ ਕਰਨ ਲਈ ‘ਯੁਵਸੱਤਾ, ਸਟੇਟ ਬੈਂਕ ਆਫ਼ ਇੰਡੀਆ, ਐੱਸਐਮਈ ਬਰਾਂਚ, ਸੈਕਟਰ 8, ਚੰਡੀਗੜ੍ਹ ਦੇ ਬੈਂਕ ਖਾਤਾ ਨੰਬਰ 34966143846, ਆਈਐੱਫਐੱਸਸੀ ਕੋਡ ਨੰਬਰ : ਐੱਸਬੀਆਈਐਨ0011705 ਦਿੱਤਾ ਗਿਆ ਹੈ।