ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 13 ਫਰਵਰੀ
ਮੁਹਾਲੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਅੱਜ ਸ਼ਹਿਰ ਵਿੱਚ ਚੋਣ ਪ੍ਰਚਾਰ ਕਰਦਿਆਂ ਪੰਜਾਬ ਵਿੱਚ ਮੁੜ ਕਾਂਗਰਸ ਸਰਕਾਰ ਬਣਾਉਣ ਲਈ ਵੋਟਾਂ ਮੰਗੀਆਂ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਉੱਤੇ ਤਿੱਖੇ ਹਮਲੇ ਕੀਤੇ। ਸ੍ਰੀ ਸਿੱਧੂ ਨੇ ਆਖਿਆ ਕਿ ਭਗਵੰਤ ਮਾਨ ਕੋਲ ਟੋਟਕਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਸਰਕਾਰ ਨੇ ਰਾਜ ਦੇ ਬੁਨਿਆਦੀ ਢਾਂਚੇ, ਸਿਹਤ, ਸਿੱਖਿਆ, ਬਿਜਲੀ, ਸੜਕਾਂ ਆਦਿ ਦੇ ਖੇਤਰ ਵਿੱਚ ਇਤਿਹਾਸਕ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਨਾਲ ਸਿੱਝਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਦੂਜੇ ਰਾਜਾਂ ਨੂੰ ਪੰਜਾਬ ਮਾਡਲ ਅਪਣਾਏ ਜਾਣ ਦਾ ਸੱਦਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦਿੱਲੀ ਮਾਡਲ ਦੀ ਕੋਈ ਹੋਂਦ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਇੱਕ ਹਜ਼ਾਰ ਮਹੀਨਾ ਦੇਣ ਨਾਲ ਵਾਅਦਾ ਕਰਨ ਤੋਂ ਪਹਿਲਾਂ ਕੇਜਰੀਵਾਲ ਪੰਜਾਬੀਆਂ ਨੂੰ ਇਹ ਦੱਸੇ ਕਿ ਉਨ੍ਹਾਂ ਅਜਿਹੀ ਰਾਸ਼ੀ ਦਿੱਲੀ ਦੀਆਂ ਮਹਿਲਾਵਾਂ ਨੂੰ ਕਿਉਂ ਨਹੀਂ ਦਿੱਤੀ।
ਇਸੇ ਦੌਰਾਨ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਠੇਕੇਦਾਰ ਮੋਹਨ ਸਿੰਘ ਬਠਲਾਣਾ ਆਦਿ ਨੇ ਵੀ ਚੋਣ ਪ੍ਰਚਾਰ ਕੀਤਾ। ਰੂਬੀ ਸਿੱਧੂ ਨੇ ਸਨੇਟਾ ਵਿੱਚ ਘਰੋ-ਘਰੀ ਜਾ ਕੇ ਚੋਣ ਪ੍ਰਚਾਰ ਕੀਤਾ।
ਅਕਾਲੀ-ਬਸਪਾ ਉਮੀਦਵਾਰ ਵੱਲੋਂ ਵਾਅਦੇ ਨਿਭਾਉਣ ਦਾ ਭਰੋਸਾ
ਕੁਰਾਲੀ (ਪੱਤਰ ਪ੍ਰੇਰਕ): ਹਲਕਾ ਖਰੜ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਨੇ ਅੱਜ ਕੁਰਾਲੀ ਨੇੜਲੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਤੇ ਚੋਣ ਵਾਅਦੇ ਨਿਭਾਉਣ ਦਾ ਵਾਅਦਾ ਕੀਤਾ। ਬਲਾਕ ਮਾਜਰੀ ਦੇ ਪਿੰਡਾਂ ਅਭੀਪੁਰ, ਮੀਆਂਪੁਰ ਚੰਗਰ, ਸਲਾਮਤਪੁਰ, ਫਤਹਿਪੁਰ ਸਿਆਲਬਾ ਅਤੇ ਪਿੰਡ ਮਾਜਰੀ ਵਿੱਚ ਪ੍ਰਚਾਰ ਕਰਦਿਆਂ ਸ੍ਰੀ ਗਿੱਲ ਨੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਦੀ ਪਾਰਟੀ ਨੇ ਪੰਜਾਬ ਦੇ ਵਿਕਾਸ ਲਈ 13 ਨੁਕਾਤੀ ਪ੍ਰੋਗਰਾਮ ਲਿਆਂਦਾ ਹੈ ਜਿਸ ਨੂੰ ਸਰਕਾਰ ਬਣਨ ’ਤੇ ਪਹਿਲ ਦੇ ਆਧਾਰ ’ਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਜਥੇਦਾਰ ਅਜਮੇਰ ਸਿੰਘ ਖੇੜਾ, ਸਾਹਿਬ ਸਿੰਘ ਬਡਾਲੀ, ਰਵਿੰਦਰ ਸਿੰਘ ਖੇੜਾ ਅਤੇ ਹੋਰਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਪੰਜਾਬ ਦਾ ਵਿਕਾਸ ਹੋਇਆ ਹੈ ਤੇ ਹੋਰਨਾਂ ਪਾਰਟੀਆਂ ਨੇ ਵੋਟ ਦੀ ਰਾਜਨੀਤੀ ਹੀ ਕੀਤੀ ਹੈ। ਉਨ੍ਹਾਂ ਨੇ ਸ੍ਰੀ ਗਿੱਲ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਅਜਮੇਰ ਸਿੰਘ ਖੇੜਾ, ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ ਆਦਿ ਹਾਜ਼ਰ ਸਨ।
ਕਿਸਾਨਾਂ ਨੂੰ ਮੁਫ਼ਤ ਬਿਜਲੀ ਬਾਦਲ ਸਰਕਾਰ ਨੇ ਦਿੱਤੀ: ਸ਼ਰਮਾ
ਲਾਲੜੂ (ਸਰਬਜੀਤ ਸਿੰਘ ਭੱਟੀ): ਪੰਜਾਬੀਆਂ ਦੇ ਦੁੱਖ ਦਰਦ ਨੂੰ ਸਮਝਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਤੇ ਹੋਰਨਾਂ ਪਾਰਟੀਆਂ ਦੀ ਕਮਾਂਡ ਦਿੱਲੀ ਦੇ ਆਗੂਆਂ ਦੇ ਹੱਥ ਵਿੱਚ ਹੈ। ਅਕਾਲੀਆਂ ਨੇ ਹਮੇਸ਼ਾ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਤੇ ਕਰਮਚਾਰੀਆਂ ਦੇ ਹੱਕਾਂ ਲਈ ਲੜਾਈ ਲੜੀ ਅਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਵੀ ਬਾਦਲ ਸਰਕਾਰ ਸਮੇਂ ਹੀ ਮਿਲੀ ਸੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐੱਨ.ਕੇ. ਸ਼ਰਮਾ ਨੇ ਲਾਲੜੂ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਹਲਕਾ ਡੇਰਾਬਸੀ ਨੂੰ ਕੰਡੀ ਇਲਾਕਾ ਐਲਾਨਿਆ ਗਿਆ ਜਿਸ ਨਾਲ ਕਿਸਾਨਾਂ ਨੁੂੰ 24 ਘੰਟੇ ਮੁਫ਼ਤ ਬਿਜਲੀ ਦੀ ਸਹੂਲਤ ਮਿਲੀ ਅਤੇ ਨੌਜਵਾਨਾਂ ਨੂੰ ਫੌਜ ਤੇ ਪੁਲੀਸ ਵਿੱਚ ਭਰਤੀ ਲਈ ਲੰਬਾਈ ਅੰਦਰ ਵਿਸ਼ੇਸ਼ ਛੋਟ ਮਿਲੀ। ਉਨ੍ਹਾਂ ਕਿਹਾ ਕਿ ਲਾਰੇ ਲਗਾ ਕੇ ਸੱਤਾ ਦੇ ਕਾਬਜ਼ ਹੋਈ ਕਾਂਗਰਸ ਨੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਹੈ। ਕਿਸਾਨਾਂ ਨੂੰ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਨੂੰ ਬੰਦ ਕਰਕੇ ਅੱਠ ਘੰਟੇ ਬਿਜਲੀ ਦੇਣ ਦੀ ਯੋਜਨਾ ਬਣਾਈ ਗਈ ਜਿਸ ਦਾ ਅਕਾਲੀ ਦਲ ਨੇ ਡੱਟ ਕੇ ਵਿਰੋਧ ਕੀਤਾ। ਇਸ ਮੌਕੇ ਬੁੱਲੂ ਸਿੰਘ ਰਾਣਾ, ਐਡਵੋਕੇਟ ਮਨਪ੍ਰੀਤ ਸਿੰਘ ਭੱਟੀ, ਕੁਲਦੀਪ ਸ਼ਰਮਾ, ਸੰਜੂ ਪ੍ਰਜਾਪਤ, ਵਿਸ਼ਾਲ ਵਧਵਾ, ਰੋਬਿਨ ਨੱਗਲ, ਰਘੁਵੀਰ ਜੁਨੇਜਾ, ਪਵਨ ਕੁਮਾਰ, ਅਮਨ ਰਾਣਾ, ਐਡਵੋਕੇਟ ਰਾਜੇਸ਼ ਰਾਣਾ ਆਦਿ ਮੌਜੂਦ ਸਨ।