ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ. ਨਗਰ (ਮੁਹਾਲੀ), 24 ਜਨਵਰੀ
ਮੁਹਾਲੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੀ ਪਤਨੀ ਦਲਜੀਤ ਕੌਰ, ਨੂੰਹ ਏਕਨੂਰ ਕੌਰ ਅਤੇ ਭਰਜਾਈ ਜਤਿੰਦਰ ਕੌਰ ਸਿੱਧੂ ਵੀ ਚੋਣ ਪ੍ਰਚਾਰ ਵਿੱਚ ਕੁੱਦ ਪਈਆਂ ਹਨ। ਉਨ੍ਹਾਂ ਦੇ ਭਰਾ ਅਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਪੁੱਤਰ ਕੰਵਰਬੀਰ ਸਿੰਘ ਰੂਬੀ ਸਿੱਧੂ ਪਹਿਲਾਂ ਹੀ ਪ੍ਰਚਾਰ ਵਿੱਚ ਡਟੇ ਹੋਏ ਹਨ। ਸ੍ਰੀ ਸਿੱਧੂ ਨੇ ਖੁਦ ਪਿੰਡਾਂ ਦੇ ਪ੍ਰਚਾਰ ਦਾ ਪਹਿਲਾ ਗੇੜ ਮੁਕੰਮਲ ਕਰਕੇ ਸ਼ਹਿਰ ਵਿੱਚ ਮੀਟਿੰਗਾਂ ਦਾ ਸਿਲਸਿਲਾ ਆਰੰਭ ਦਿੱਤਾ ਹੈ। ਸਿੱਧੂ ਦੀ ਪਤਨੀ ਅਤੇ ਪਰਿਵਾਰ ਦੀਆਂ ਹੋਰਨਾਂ ਮਹਿਲਾਵਾਂ ਨੇ ਅੱਜ ਕੌਂਸਲਰ ਕੁਲਵਿੰਦਰ ਕੌਰ ਬਾਛਲ, ਬਲਜੀਤ ਕੌਰ ਆਦਿ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਘਰੋਂ-ਘਰੀ ਚੋਣ ਪ੍ਰਚਾਰ ਕੀਤਾ। ਉਨ੍ਹਾਂ ਮੁਹਾਲੀ ਨਾਲ ਸਿੱਧੂ ਪਰਿਵਾਰ ਦੀ ਤੀਹ ਵਰ੍ਹਿਆਂ ਦੀ ਪਰਿਵਾਰਕ ਸਾਂਝ ਨੂੰ ਚੇਤੇ ਕਰਾਉਂਦਿਆਂ ਕਾਂਗਰਸ ਨੂੰ ਜਿਤਾਉਣ ਦੀ ਅਪੀਲ ਕੀਤੀ। ਮੇਅਰ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਫੇਜ਼ ਦੋ ਵਿਖੇ ਚੋਣ ਪ੍ਰਚਾਰ ਕੀਤਾ ਅਤੇ ਕਈ ‘ਆਪ’ ਵਾਲੰਟੀਅਰਾਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ। ਐਡਵੋਕੇਟ ਰੂਬੀ ਸਿੱਧੂ ਨੇ ਮੁਹਾਲੀ ਦੇ ਅਦਾਲਤੀ ਕੰਪਲੈਕਸ ਵਿੱਚ ਵਕੀਲਾਂ ਵਿੱਚ ਆਪਣੇ ਪਿਤਾ ਦੀ ਚੋਣ ਮੁਹਿੰਮ ਸਬੰਧੀ ਲਾਮਬੰਦੀ ਕੀਤੀ।
ਢਿੱਲੋਂ ਦੀ ਪਤਨੀ ਤੇ ਨੂੰਹ ਨੇ ਮੰਗੀਆਂ ਵੋਟਾਂ
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਕਾਂਗਰਸ ਦੇ ਹਲਕਾ ਇੰਚਾਰਜ ਅਤੇ ਉਮੀਦਵਾਰੀ ਦੇ ਮੁੱਖ ਦਾਅਵੇਦਾਰ ਦੀਪਇੰਦਰ ਸਿੰਘ ਢਿੱਲੋਂ ਦੇ ਚੋਣ ਪ੍ਰਚਾਰ ਵਿੱਚ ਉਨ੍ਹਾਂ ਦਾ ਪੂਰਾ ਪਰਿਵਾਰ ਮੈਦਾਨ ਵਿੱਚ ਨਿੱਤਰ ਆਇਆ ਹੈ। ਸ੍ਰੀ ਢਿੱਲੋਂ ਦਾ ਪੁੱਤਰ ਤੇ ਨਗਰ ਕੌਂਸਲ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਪਹਿਲਾਂ ਹੀ ਉਨ੍ਹਾਂ ਦੇ ਹੱਕ ਵਿਚ ਉੱਤਰੇ ਹੋਏ ਹਨ। ਚੋਣਾਂ ਨੇੜੇ ਆਉਂਦੇ ਹੀ ਪਰਿਵਾਰ ਦੀਆਂ ਔਰਤਾਂ ਵੀ ਘਰ-ਘਰ ਜਾ ਕੇ ਪ੍ਰਚਾਰ ਕਰ ਰਹੀਆਂ ਹਨ। ਸ੍ਰੀ ਢਿੱਲੋਂ ਦੀ ਪਤਨੀ ਬੀਬੀ ਰੁਪਿੰਦਰ ਕੌਰ ਢਿੱਲੋਂ ਅਤੇ ਵੱਡੀ ਨੂੰਹ ਤਨਵੀਰ ਕੌਰ ਢਿੱਲੋਂ ਨੇ ਵਾਰਡ ਨੰਬਰ 8, 31, 29 ਅਤੇ 9 ਵਿੱਚ ਘਰ-ਘਰ ਜਾ ਕੇ ਕਾਂਗਰਸ ਲਈ ਵੋਟਾਂ ਮੰਗੀਆਂ। ਇਸ ਮੌਕੇ ਜਸਵਿੰਦਰ ਲੌਂਗੀਆ, ਵਿਸ਼ਵ ਬੰਧੂ, ਰਾਮ ਕੁਮਾਰ, ਬੁੱਧ ਰਾਮ ਧੀਮਾਨ, ਨੇਹਾ ਸ਼ਰਮਾ ਤੇ ਸਮਰਥਕ ਹਾਜ਼ਰ ਸਨ।