ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 23 ਜੂਨ
ਨਜ਼ਦੀਕੀ ਪਿੰਡ ਬਲੌਂਗੀ ਦੇ ਆਜ਼ਾਦ ਨਗਰ ਦਾ ਵਸਨੀਕ ਸ਼ਿਵਾਸ਼ੂ (18) ਪਿਛਲੇ 32 ਦਿਨਾਂ ਤੋਂ ਭੇਤਭਰੀ ਹਾਲਤ ਲਾਪਤਾ ਵਿੱਚ ਹੈ। ਹਾਲਾਂਕਿ ਇਸ ਸਬੰਧੀ ਬਲੌਂਗੀ ਪੁਲੀਸ ਨੇ ਡੀਡੀਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਪੀੜਤ ਪਰਿਵਾਰ ਨੇ ਕਥਿਤ ਦੋਸ਼ ਲਾਇਆ ਕਿ ਪੁਲੀਸ ਕੁਝ ਸ਼ੱਕੀ ਵਿਅਕਤੀਆਂ ਨੂੰ ਜਾਂਚ ਵਿੱਚ ਸ਼ਾਮਲ ਕਰਨ ਤੋਂ ਟਾਲਾ ਵੱਟ ਰਹੀ ਹੈ। ਦਿਹਾੜੀਦਾਰ ਛੋਟੇ ਲਾਲ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਬੇਟਾ ਸ਼ਿਵਾਂਸ਼ੂ 23 ਮਈ ਦੀ ਰਾਤ ਤੋਂ ਲਾਪਤਾ ਹੈ। ਪਿਤਾ ਮੁਤਾਬਕ ਸ਼ਿਵਾਂਸ਼ੂ ਦੇ ਲਾਪਤਾ ਹੋਣ ਤੋਂ 15 ਕੁ ਦਿਨਾਂ ਪਹਿਲਾਂ ਬਲੌਂਗੀ ਦੇ ਹੀ ਰਹਿਣ ਵਾਲੇ ਕੁੱਝ ਨੌਜਵਾਨਾਂ ਨਾਲ ਉਸ ਦਾ ਝਗੜਾ ਹੋਇਆ ਸੀ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਝਗੜਾ ਕਰਨ ਵਾਲੇ ਨੌਜਵਾਨਾਂ ਵੱਲੋਂ ਉਸ ਦੇ ਪੁੱਤਰ ਦਾ ਕਤਲ ਕਰਕੇ ਲਾਸ਼ ਖੁਰਦ-ਬੁਰਦ ਕੀਤੀ ਗਈ ਹੋ ਸਕਦੀ ਹੈ ਪਰ ਪੁਲੀਸ ਉਸ ਦੇ ਪੁੱਤ ਨੂੰ ਲੱਭਣ ਲਈ ਦਿਲਚਸਪੀ ਨਹੀਂ ਦਿਖਾ ਰਹੀ ਹੈ। ਉੱਧਰ, ਬਲੌਂਗੀ ਥਾਣਾ ਦੇ ਐੱਸਐੱਚਓ ਰਾਜਪਾਲ ਸਿੰਘ ਨੇ ਕਿਹਾ ਕਿ ਸ਼ਿਵਾਂਸ਼ੂ ਨੂੰ ਲੱਭਣ ਦੀ ਕੋਸ਼ਿਸ਼ ਕਰ ਜਾ ਰਹੀ ਹੈ।