ਕੁਲਦੀਪ ਸਿੰਘ
ਚੰਡੀਗੜ੍ਹ, 15 ਮਾਰਚ
ਦੋ ਪਬਲਿਕ ਸੈਕਟਰ ਦੇ ਬੈਂਕਾਂ ਦਾ ਨਿੱਜੀਕਰਨ ਕਰਨ ਦੀ ਤਜਵੀਜ਼ ਖ਼ਿਲਾਫ਼ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ (ਯੂ.ਐਫ.ਬੀ.ਯੂ.) ਵੱਲੋਂ ਦੋ ਰੋਜ਼ਾ ਦੇਸ਼ ਵਿਆਪੀ ਹੜਤਾਲ ਦੇ ਸੱਦੇ ’ਤੇ ਅੱਜ ਸੈਕਟਰ-17 ਵਿੱਚ ਬੈਂਕ ਕਰਮਚਾਰੀਆਂ ਨੇ ਸੰਕੇਤਕ ਹੜਤਾਲ ਕੀਤੀ ਤੇ ਬੈਂਕ ਸਕੁਆਇਰ-17 ਵਿੱਚ ਇਕੱਠੇ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਰੈਲੀ ਕੀਤੀ। ਕਰਮਚਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬੈਂਕਾਂ ਦੇ ਨਿੱਜੀਕਰਨ ਦਾ ਵਿਰੋਧ ਕੀਤਾ।
ਯੂ.ਐਫ.ਬੀ.ਯੂ. ਦੇ ਆਲ ਇੰਡੀਆ ਕਨਵੀਨਰ ਸੰਜੀਵ ਬਿੰਦਲਿਸ਼, ਟ੍ਰਾਈਸਿਟੀ ਕਨਵੀਨਰ ਸੰਜੇ ਸ਼ਰਮਾ, ਸਕੱਤਰ ਜਗਦੀਸ਼ ਰਾਏ, ਚੰਡੀਗੜ੍ਹ ਯੂਨਿਟ ਦੇ ਵਾਈਸ ਪ੍ਰਧਾਨ ਗੁਰਬਖਸ਼ ਸਿੰਘ ਤੇ ਟੀ.ਐਸ. ਸੱਗੂ ਆਦਿ ਨੇ ਕਿਹਾ ਕਿ ਸਰਕਾਰ ਨੇ ਬਜਟ ਸੈਸ਼ਨ ਵਿੱਚ ਜਨਤਕ ਖੇਤਰ ਦੇ ਬੈਂਕਾਂ ਦਾ ਨਿਜੀਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਆਗੂਆਂ ਨੇ ਬੈਂਕ ਨਿੱਜੀਕਰਨ ਦੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਜਨਤਾ ਦਾ ਪੈਸਾ ਹੜੱਪ ਕਰਨ ਦੀ ਸਾਜਿਸ਼ ਹੈ। ਉਨ੍ਹਾਂ ਮੁਲਾਜ਼ਮ ਸਾਥੀਆਂ ਨੂੰ ਸਰਕਾਰ ਖ਼ਿਲਾਫ਼ ਲੰਬੇ ਅੰਦੋਲਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਲਕੇ 16 ਮਾਰਚ ਨੂੰ ਵੀ ਹੜਤਾਲ ਦੇ ਦੂਜੇ ਦਿਨ ਜਾਰੀ ਰਹੇਗੀ।
ਅੰਬਾਲਾ (ਰਤਨ ਸਿੰਘ ਅੰਬਾਲਾ): ਕੇਂਦਰ ਸਰਕਾਰ ਵੱਲੋਂ ਬੈਂਕਾਂ ਦੇ ਨਿੱਜੀਕਰਨ ਖ਼ਿਲਾਫ਼ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ’ਤੇ ਅੱਜ ਬੈਂਕ ਕਰਮਚਾਰੀ ਦੋ ਦਿਨ ਦੀ ਹੜਤਾਲ ’ਤੇ ਚਲੇ ਗਏ। ਅੰਬਾਲਾ ਛਾਉਣੀ ਵਿਚ ਬੈਂਕਾਂ ਦੇ ਕਰਮਚਾਰੀ ਵੱਡੀ ਗਿਣਤੀ ਵਿਚ ਪੰਜਾਬ ਐਂਡ ਸਿੰਧ ਬੈਂਕ ਦੀ ਸ਼ਾਖ਼ਾ ਦੇ ਬਾਹਰ ਇਕੱਠੇ ਹੋਏ ਅਤੇ ਕੇਂਦਰ ਸਰਕਾਰੀ ਦੀ ਬੈਂਕਾਂ ਦੀ ਨਿੱਜੀਕਰਨ ਦੀ ਨੀਤੀ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਹਰਿਆਣਾ ਬੈਂਕ ਐਂਪਲਾਈਜ਼ ਫੈੱਡਰੇਸ਼ਨ ਦੇ ਚੇਅਰਮੈਨ ਕਾਮਰੇਡ ਆਰ.ਕੇ. ਗੁਲਾਟੀ ਨੇ ਨਿੱਜੀਕਰਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ। ਏਆਈਬੀਓਏ ਦੇ ਜਨਰਲ ਸਕੱਤਰ ਜੀ.ਐਸ.ਓਬਰਾਏ ਨੇ ਗ਼ਲਤ ਨੀਤੀਆਂ ਕਰ ਕੇ ਦੇਸ਼ ਦੀ ਅਰਥਿਕ ਹਾਲਤ ਖ਼ਸਤਾ ਹੋ ਗਈ ਹੈ। ਸੰਗਠਨ ਪ੍ਰਧਾਨ ਕਾਮਰੇਡ ਵੀ.ਕੇ. ਵਰਮਾ ਨੇ ਕਿਹਾ ਕਿ ਏਕੇ ਵਾਲੇ ਸੰਘਰਸ਼ ਨਾਲ ਜਿੱਤ ਯਕੀਨੀ ਹੋਵੇਗੀ। ਸਹਾਇਕ ਸਕੱਤਰ ਕਾਮਰੇਡ ਅਨਿਲ ਸ਼ਰਮਾ, ਹਰਿਆਣਾ ਬੈਂਕ ਐਂਪਲਾਈਜ਼ ਫੈਡਰੇਸ਼ਨ ਦੇ ਸਕੱਤਰ ਕਾਮਰੇਡ ਪੀ.ਸੀ. ਚੌਹਾਨ ਨੇ ਦੱਸਿਆ ਕਿ ਹੜਤਾਲ ’ਚ ਦੇਸ਼ ਦੇ 10 ਲੱਖ ਮੁਲਾਜ਼ਮ ਭਾਗ ਲੈ ਰਹੇ ਹਨ।
ਮਹਿਲਾ ਕਰਮਚਾਰੀ ਵੀ ਹੜਤਾਲ ਵਿੱਚ ਸ਼ਾਮਲ
ਪੰਚਕੂਲਾ (ਪੀ.ਪੀ. ਵਰਮਾ): ਇੱਥੇ ਐੱਸਬੀਆਈ ਜ਼ੋਨਲ ਦਫ਼ਤਰ ਦੇ ਬਾਹਰ ਕਰਮਚਾਰੀਆਂ ਨੇ ਪ੍ਰਦਰਸ਼ਨ ਕੀਤਾ। ਯੂਨਾਇਟੇਡ ਫੌਰਮ ਆਫ ਬੈਂਕ ਯੂਨੀਅਨ ਵੱਲੋਂ ਇਸ ਪ੍ਰਦਰਸ਼ਨ ਨੂੰ ਯੂਨੀਅਨ ਦੇ ਕਵੀਨਰ ਸੰਜੀਵ ਬਿੰਦਲਿਸ਼ ਅਤੇ ਹਰਵਿੰਦਰ ਸਿੰਘ, ਦੀਪਕ ਸ਼ਰਮਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਬੈਂਕਾਂ ਦਾ ਨਿੱਜੀਕਰਨ ਕਰ ਕੇ ਬੈਂਕਾਂ ਨੂੰ ਧਨਾਢ ਲੋਕਾਂ ਦੇ ਹੱਥਾਂ ਵਿੱਚ ਦੇ ਰਹੀ ਹੈ। ਸਰਕਾਰ ਦੀ ਇਸ ਸੋਚ ਨੂੰ ਲੈ ਕੇ ਬੈਂਕ ਮੁਲਾਜ਼ਮ ਅਤੇ ਅਧਿਕਾਰੀ ਮੂਕ ਦਰਸ਼ਕ ਬਣ ਕੇ ਨਹੀਂ ਰਹਿ ਸਕਦੇ। ਦੀਪਕ ਸ਼ਰਮਾ, ਸੰਜੈ ਸ਼ਰਮਾ, ਸੁਦੇਸ਼ ਵਸ਼ਿਸ਼ਟ ਨੇ ਕਿਹਾ ਕਿ ਜਨਤਕ ਬੈਂਕਾਂ ਵਿੱਚ ਸਾਧਾਰਨ ਅਤੇ ਮੱਧ ਵਰਗ ਦੇ ਪੈਸੇ ਜਮ੍ਹਾਂ ਹੁੰਦੇ ਹਨ, ਉਨ੍ਹਾਂ ਨੂੰ ਕਰਜ਼ੇ ਦਿੱਤੇ ਜਾਂਦੇ ਹਨ ਤਾਂ ਕਿ ਉਹ ਆਪਣੇ ਲੋੜੀਂਦੇ ਵਪਾਰ ਨੂੰ ਅੱਗੇ ਵਧਾ ਸਕਣ ਤੇ ਦੇਸ਼ ਦੇ ਨਿਰਮਾਣ ਵਿੱਚ ਹਿੱਸਾ ਪਾ ਸਕਣ। ਇਸ ਮੌਕੇ ਤੇ ਗੌਤਮ ਮਹਿਤਾ, ਪ੍ਰੇਮ ਪਵਾਰ, ਐੱਸ ਕੇ ਵਸ਼ੀਨ ਸਣੇ ਵੱਡੀ ਗਿਣਤੀ ਮਹਿਲਾ ਮੁਲਾਜ਼ਮਾਂ ਨੇ ਵੀ ਹੜਤਾਲ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਨ ਸਧਾਰਨ ਦੀ ਅਤੇ ਲੋਕਾਂ ਦੀ ਸੰਪਤੀ ਕਾਰਪੋਰੇਟ ਘਰਾਣਿਆਂ ਨੂੰ ਨਹੀਂ ਸੌਂਪੀ ਜਾ ਸਕਦੀ।