ਮਿਹਰ ਸਿੰਘ/ਚਰਨਜੀਤ ਸਿੰਘ ਚੰਨੀ
ਕੁਰਾਲੀ/ਮੁੱਲਾਂਪੁਰ ਗ਼ਰੀਬਦਾਸ, 9 ਮਈ
ਸਿਆਲਬਾ ਦੇ ਸਹਿਕਾਰੀ ਬੈਂਕ ਵਿੱਚ ਖਾਤਾਧਾਰਕਾਂ ਦੇ ਖਾਤਿਆਂ ਵਿੱਚੋਂ ਪੈਸੇ ਗਾਇਬ ਕਰ ਕੇ ਕਰੋੜਾਂ ਰੁਪਏ ਦਾ ਘੁਟਾਲਾ ਕਰਨ ਦੇ ਮਾਮਲੇ ਨੂੰ ਲੈ ਕੇ ਪੁਲੀਸ ਨੇ ਬੈਂਕ ਦੇ ਮੈਨੇਜਰ ਨੂੰ ਕਾਬੂ ਕਰ ਲਿਆ ਹੈ। ਇਸ ਘੁਟਾਲੇ ਦਾ ਸ਼ਿਕਾਰ ਹੋਏ ਖਾਤਾਧਾਰਕਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ।
ਸਿਆਲਬਾ ਦੇ ‘ਦਿ ਐੱਸਏਐੱਸ ਨਗਰ ਸੈਂਟਰਲ ਕੋਆਪ੍ਰੇਟਿਵ ਬੈਂਕ’ ਦੇ ਖਾਤਾਧਾਰਕਾਂ ਦੇ ਕਰੋੜਾਂ ਰੁਪਏ ਖਾਤਿਆਂ ਵਿੱਚੋਂ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੈਂਕ ਦੇ ਜ਼ਿਲ੍ਹਾ ਮੈਨੇਜਰ ਦੀ ਲਿਖਤੀ ਸ਼ਿਕਾਇਤ ’ਤੇ ਮਾਜਰੀ ਪੁਲੀਸ ਨੇ ਤਤਕਾਲੀ ਬਰਾਂਚ ਮੈਨੇਜਰ ਜਸਵੀਰ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਉੱਧਰ ਲੋਕ ਲਗਾਤਾਰ ਆਪਣੇ ਖਾਤੇ ਚੈੱਕ ਕਰਨ ਲਈ ਆ ਰਹੇ ਹਨ ਅਤੇ ਧੋਖਾਧੜੀ ਦਾ ਸ਼ਿਕਾਰ ਹੋਣ ਵਾਲੇ ਖਾਤਾਧਾਰਕਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਡੀਐੱਸਪੀ ਧਰਮਵੀਰ ਸਿੰਘ ਨੇ ਕੇਸ ਦਰਜ ਕਰਨ ਅਤੇ ਮੈਨੇਜਰ ਜਸਵੀਰ ਸਿੰਘ ਨੂੰ ਕਾਬੂ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਢਲੀ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਖੁਦ ਹੀ ਖਾਤਾਧਾਰਕਾਂ ਦੇ ਦਸਤਖ਼ਤ ਕਰ ਕੇ ਖਾਤਿਆਂ ਵਿੱਚੋਂ ਪੈਸੇ ਕਢਵਾਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ਵਿੱਚ ਹੋਰ ਕਰਮਚਾਰੀਆਂ, ਅਧਿਕਾਰੀਆਂ ਅਤੇ ਬਾਹਰਲੇ ਵਿਅਕਤੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਪਰ ਇਹ ਹਾਲੇ ਜਾਂਚ ਦਾ ਹਿੱਸਾ ਹੈ। ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਅੱਜ ਬੈਂਕ ਵਿੱਚ ਪੁੱਜੇ ਅਤੇ ਧੋਖਾਧੜੀ ਦੇ ਸ਼ਿਕਾਰ ਹੋਏ ਖਾਤਾਧਾਰਕਾਂ ਨਾਲ ਗੱਲਬਾਤ ਕੀਤੀ। ਸ੍ਰੀ ਕੰਗ ਨੇ ਬੈਂਕ ਦੇ ਮੌਜੂਦਾ ਸਟਾਫ਼ ਨਾਲ ਗੱਲਬਾਤ ਕਰ ਕੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਮੌਕੇ ’ਤੇ ਹੀ ਬੈਂਕ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਪੀੜਤ ਖਾਤਾਧਾਰਕਾਂ ਨੂੰ ਇਨਸਾਫ਼ ਦਿਵਾਉਣ ਤੇ ਪੈਸੇ ਵਾਪਸ ਕਰਵਾਉਣ ਦਾ ਵਾਅਦਾ ਕੀਤਾ।
ਉੱਧਰ, ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਪੁਲੀਸ ਵੱਲੋਂ ਕਾਬੂ ਕੀਤੇ ਗਏ ਬੈਂਕ ਮੈਨੇਜਰ ਜਸਵੀਰ ਸਿੰਘ ਨੇ ਖਾਤਾਧਾਰਕਾਂ ਦੇ ਨਾਲ-ਨਾਲ ਗੁਰੂ ਘਰ ਨੂੰ ਵੀ ਨਹੀਂ ਬਖ਼ਸ਼ਿਆ। ਪਿੰਡ ਢਕੋਰਾਂ ਖੁਰਦ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਗੁਰੂ ਘਰ ਦਾ ਖਾਤਾ ਚੈੱਕ ਕੀਤਾ ਤਾਂ ਉਸ ਵਿੱਚੋਂ 3.38 ਲੱਖ ਰੁਪਏ ਗਾਇਬ ਸਨ ਜਦਕਿ ਕਾਪੀ ਵਿੱਚ ਪੂਰੀ ਰਕਮ ਦਾ ਇੰਦਰਾਜ਼ ਹੱਥ ਨਾਲ ਕੀਤਾ ਹੋਇਆ ਸੀ।
ਬੈਂਕ ਮੈਨੇਜਰ ਚੱਲ ਰਿਹਾ ਹੈ ਮੁਅੱਤਲ
ਖਾਤਾਧਾਰਕਾਂ ਨੂੰ ਰਗੜਾ ਲਗਾਉਣ ਵਾਲੇ ਬੈਂਕ ਮੈਨੇਜਰ ਜਸਵੀਰ ਸਿੰਘ ਨੇ ਲਗਾਤਾਰ ਦਸ ਸਾਲ ਸਿਆਲਬਾ ਬੈਂਕ ਵਿੱਚ ਨੌਕਰੀ ਕੀਤੀ ਹੈ। ਉਸ ਨੂੰ ਦੋ ਮਹੀਨੇ ਪਹਿਲਾਂ ਹੀ ਇੱਥੋਂ ਘੜੂੰਆਂ ਬਰਾਂਚ ਤਬਦੀਲ ਕਰ ਦਿੱਤਾ ਗਿਆ ਸੀ। ਘੜੂੰਆਂ ਬਰਾਂਚ ਵਿੱਚ ਇੱਕ ਖਾਤਾਧਾਰਕ ਦੇ ਕਰੀਬ 14 ਲੱਖ ਰੁਪਏ ਗਾਇਬ ਕਰਨ ਦਾ ਮਾਮਲਾ ਸਾਹਮਣੇ ਆਉਣ ’ਤੇ ਬੈਂਕ ਪ੍ਰਬੰਧਕਾਂ ਵੱਲੋਂ ਉਸ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਹੋਇਆ ਹੈ।