ਕਰਮਜੀਤ ਸਿੰਘ ਚਿੱਲਾ
ਬਨੂੜ, 10 ਜੂਨ
ਨਗਰ ਕੌਂਸਲ ਬਨੂੜ ਦਾ ਦਰਜਾ ਵੱਧ ਕੇ ਸੀ ਤੋਂ ਬੀ ਸ਼੍ਰੇਣੀ ਵਿੱਚ ਸ਼ੁਮਾਰ ਹੋ ਗਿਆ ਹੈ। ਰਾਜਪੁਰਾ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਪਿਛਲੇ ਤਿੰਨ ਸਾਲਾਂ ਤੋਂ ਕੌਂਸਲ ਦਾ ਦਰਜਾ ਵਧਾਉਣ ਲਈ ਯਤਨ ਕਰ ਰਹੇ ਸਨ। ਉਨ੍ਹਾਂ ਵਿਧਾਨ ਸਭਾ ਵਿੱਚ ਇਸ ਮਾਮਲੇ ਸਬੰਧੀ ਲਿਖਤੀ ਪ੍ਰਸ਼ਨ ਪੁੱਛੇ ਸਨ। ਸਥਾਨਿਕ ਸਰਕਾਰ ਦੇ ਪ੍ਰਮੁੱਖ ਸਕੱਤਰ ਏ ਕੇ ਸਿਨਹਾ ਨੇ ਬਨੂੜ ਕੌਂਸਲ ਦਾ ਦਰਜਾ ਵਧਾਏ ਜਾਣ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਵਿਧਾਇਕ ਕੰਬੋਜ ਸ਼ੁੱਕਰਵਾਰ ਨੂੰ ਇਸ ਸਬੰਧੀ ਨਗਰ ਕੌਂਸਲ ਦਫ਼ਤਰ ਵਿਚ ਰਸਮੀ ਐਲਾਨ ਕਰਨਗੇ।
1954 ਵਿੱਚ ਸੀ ਕਲਾਸ ਚਲੀ ਆ ਰਹੀ ਨਗਰ ਕੌਂਸਲ ਬਨੂੜ ਦੇ ਚੌਧਰੀ ਸ਼ੇਰ ਮੁਹੰਮਦ ਖਾਂ ਪਹਿਲੇ ਪ੍ਰਧਾਨ ਸਨ ਤੇ ਹੁਣ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਹਨ। ਕੌਂਸਲ ਪ੍ਰਧਾਨ ਨੇ ਕਿਹਾ ਕਿ ਵਿਧਾਇਕ ਕੰਬੋਜ ਦੀ ਮਿਹਨਤ ਰੰਗ ਲਿਆਈ ਹੈ ਤੇ ਇਸ ਨਾਲ ਸ਼ਹਿਰ ਨੂੰ ਵਿਕਾਸ ਲਈ ਹੋਰ ਵੱਧ ਗਰਾਂਟਾਂ ਹਾਸਿਲ ਹੋਣਗੀਆਂ। ਕੌਂਸਲ ਦੇ ਕਾਰਜਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਦਰਜਾ ਵਧਣ ਨਾਲ ਕੌਂਸਲ ਦੇ ਬਜਟ ਵਿੱਚ ਵਾਧਾ ਹੋਵੇਗਾ ਤੇ ਇਸ ਵਿੱਚ ਅਸਾਮੀਆਂ ਵੀ ਵਧਾਈਆਂ ਜਾਣਗੀਆਂ ਜਿਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਕੌਂਸਲ ਦੀ ਹਦੂਦ ਵਧਾਉਣ ਦੀ ਪ੍ਰਕਿਰਿਆ ਵੀ ਜਾਰੀ
ਨਗਰ ਕੌਂਸਲ ਬਨੂੜ ਦੀ ਹਦੂਦ ਵਧਾਉਣ ਦੀ ਪ੍ਰਕਿਰਿਆ ਵੀ ਜਾਰੀ ਹੈ। ਕੌਂਸਲ ਵੱਲੋਂ ਭਾਰਤ ਦੀ ਸਭ ਤੋਂ ਵੱਡੀ ਚੰਡੀਗੜ੍ਹ ਡਿਸਟਿਲਰੀਜ਼ ਐਂਡ ਬੌਟਲਰਜ਼ ਨਾਮੀਂ ਸ਼ਰਾਬ ਫ਼ੈਕਟਰੀ ਨੂੰ ਕੌਂਸਲ ਦੀ ਹਦੂਦ ਅੰਦਰ ਲਿਆਉਣ ਲਈ ਤਜਵੀਜ਼ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ। ਸ਼ਰਾਬ ਫ਼ੈਕਟਰੀ ਦੇ ਹਦੂਦ ਅੰਦਰ ਆਉਣ ਨਾਲ ਨਗਰ ਕੌਂਸਲ ਦੀ ਆਮਦਨੀ ਵਿੱਚ ਵਾਧਾ ਹੋ ਜਾਵੇਗਾ।