ਪੱਤਰ ਪ੍ਰੇਰਕ
ਕੁਰਾਲੀ, 5 ਜੁਲਾਈ
ਥਾਣਾ ਸਦਰ ਅਧੀਨ ਪੈਂਦੇ ਪਿੰਡ ਬੜੌਦੀ ਵਿਖੇ ਕੁਝ ਦਿਨ ਪਹਿਲਾਂ ਮਹਿਲਾ ਦੇ ਕਤਲ ਅਤੇ ਅਗਲੇ ਦਿਨ ਨੌਜਵਾਨ ਦੀ ਦਰਖ਼ਤ ਨਾਲ ਲਟਕਦੀ ਮਿਲੀ ਲਾਸ਼ ਦਾ ਮਸਲਾ ਪੁਲੀਸ ਨੇ ਹੱਲ ਕਰ ਲਿਆ ਹੈ। ਪੁਲੀਸ ਅਨੁਸਾਰ ਤਿਕੌਣੇ ਪ੍ਰੇਮ ਸਬੰਧ ਹਰਜਿੰਦਰ ਕੌਰ ਦੇ ਕਤਲ ਤੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਖ਼ੁਦਕੁਸ਼ੀ ਦਾ ਕਾਰਨ ਬਣੇ ਹਨ।
ਸਥਾਨਕ ਥਾਣਾ ਸਦਰ ਵਿਖੇ ਡੀਐੱਸਪੀ ਅਮਨਪ੍ਰੀਤ ਸਿੰਘ ਅਤੇ ਐੱਸਐੱਚਓ ਭਗਤਵੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਬੜੌਦੀ ਦੀ ਹਰਜਿੰਦਰ ਕੌਰ, ਜਿਸ ਦਾ 2 ਜੁਲਾਈ ਨੂੰ ਤੜਕਸਾਰ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਸੀ, ਦੇ ਪਿੰਡ ਦੇ ਹੀ ਸੋਹਣ ਸਿੰਘ ਚੀਨਾ ਅਤੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰਨ ਵਾਲੇ ਗੁਰਪ੍ਰੀਤ ਸਿੰਘ ਨਿਵਾਸੀ ਬਡਾਲੀ ਨਾਲ ਪ੍ਰੇਮ ਸਬੰਧ ਸਨ। ਉਨ੍ਹਾਂ ਦੱਸਿਆ ਕਿ ਹਰਜਿੰਦਰ ਕੌਰ ਸੋਹਣ ਸਿੰਘ ਦੇ ਕਰੀਬ ਸਵਾ ਤਿੰਨ ਸਾਲ ਤੋਂ ਸੰਪਰਕ ਵਿੱਚ ਸੀ ਜਦਕਿ ਇੱਕ ਸਾਲ ਤੋਂ ਹੁਣ ਉਹ ਸਮਾਂਤਰ ਗੁਰਪ੍ਰੀਤ ਸਿੰਘ ਖਟੜਾ ਦੇ ਸੰਪਰਕ ਵਿੱਚ ਵੀ ਸੀ। ਡੀਐੱਸਪੀ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੂੰ ਹਰਜਿੰਦਰ ਕੌਰ ਦੇ ਸੋਹਣ ਸਿੰਘ ਚੀਨਾ ਨਾਲ ਪ੍ਰੇਮ ਸਬੰਧ ਹੋਣ ਸਬੰਧੀ ਪਤਾ ਲੱਗ ਚੁੱਕਾ ਸੀ ਇਸ ਕਾਰਨ ਹੀ ਉਹ ਬੇਚੈਨ ਰਹਿਣ ਲੱਗ ਪਿਆ ਸੀ।
ਉਨ੍ਹਾਂ ਦੱਸਿਆ ਕਿ ਹਰਜਿੰਦਰ ਕੌਰ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਇਕ ਜੁਲਾਈ ਦੀ ਸ਼ਾਮ ਨੂੰ ਗੁਰਪ੍ਰੀਤ ਸਿੰਘ ਆਪਣੇ ਹੀ ਪਿੰਡ ਦੇ ਦੋ ਹੋਰ ਦੋਸਤਾਂ ਨੂੰ ਨਾਲ ਲੈ ਕੇ ਆਪਣੀ ਪ੍ਰੇਮਕਾ ਦੇ ਦੂਜੇ ਪ੍ਰੇਮੀ ਸੋਹਣ ਸਿੰਘ ਚੀਨਾ ਨੂੰ ਮਾਰਨ ਦੇ ਮਨੋਰਥ ਨਾਲ ਮੁੱਲਾਂਪੁਰ ਗਰੀਬਦਾਸ ਗਿਆ ਸੀ ਜਿੱਥੇ ਚੀਨਾ ਮੋਬਾਈਲ ਜੂਸ ਵੈਨ ਲਗਾਉਂਦਾ ਸੀ। ਪਰ ਕਿਸੇ ਤਰ੍ਹਾਂ ਸੋਹਣ ਸਿੰਘ ਚੀਨਾ ਉਸ ਦਿਨ ਗੁਰਪ੍ਰੀਤ ਸਿੰਘ ਤੇ ਸਾਥੀਆਂ ਦੇ ਹੱਥ ਨਹੀਂ ਆ ਸਕਿਆ। ਪਰ ਪ੍ਰੇਮ ਵਿੱਚ ਅੰਨ੍ਹੇ ਹੋਏ ਗੁਰਪ੍ਰੀਤ ਸਿੰਘ ਨੇ ਤੜਕਸਾਰ ਹਰਜਿੰਦਰ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੀਸੀਟੀਵੀ ਕੈਮਰੇ ਵਿੱਚ ਕੈਦ ਤਸਵੀਰ ਤਸਦੀਕ ਹੋਣ ਉਪਰੰਤ ਜਿਵੇਂ ਹੀ ਜਾਂਚ ਗੁਰਪ੍ਰੀਤ ਵੱਲ ਨੂੰ ਤੁਰੀ ਤਾਂ ਉਸ ਨੇ ਘਬਰਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਜੇਬ ਵਿਚੋਂ ਮਿਲੇ ਖੁਦਕੁਸ਼ੀ ਨੋਟ ਵਿੱਚ ਵੀ ਹਰਜਿੰਦਰ ਕੌਰ ਦੇ ਸੋਹਣ ਸਿੰਘ ਚੀਨਾ ਨਾਲ ਪ੍ਰੇਮ ਸਬੰਧ ਹੋਣ ਸਬੰਧੀ ਲਿਖਿਆ ਮਿਲਿਆ ਹੈ। ਡੀਐੱਸਪੀ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਹਾਲੇ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਗੁਰਪ੍ਰੀਤ ਸਿੰਘ ਦੀ ਜੇਬ ਵਿਚੋਂ ਮਿਲੇ ਸੁਸਾਈਡ ਨੋਟ ਦੀ ਲਿਖਾਈ ਦੀ ਜਾਂਚ ਵੀ ਕਰਵਾਈ ਜਾ ਰਹੀ ਹੈ।