ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਨਵੰਬਰ
ਸਿਹਤ ਵਿਭਾਗ ਦੀ ਟੀਮ ਨੇ ਪੁਲੀਸ ਤੇ ਆਬਕਾਰੀ ਵਿਭਾਗ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਬੀੜੀ, ਸਿਗਰਟ ਵੇਚਣ ਵਾਲੀਆਂ ਵੱਖ-ਵੱਖ ਦੁਕਾਨਾਂ ’ਤੇ ਛਾਪੇ ਮਾਰੇ। ਇਸ ਦੌਰਾਨ ਸਿਹਤ ਵਿਭਾਗ ਨੇ ਖੁੱਲ੍ਹੀਆਂ ਸਿਗਰਟਾਂ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ। ਅਧਿਕਾਰੀਆਂ ਨੇ ਚਾਰ ਜਣਿਆਂ ਦਾ ਸਾਰਾ ਸਾਮਾਨ ਜ਼ਬਤ ਕਰ ਕੇ ਜੁਰਮਾਨੇ ਲਾਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਦੀ ਟੀਮ ਨੇ ਸੈਕਟਰ-1 ਵਿੱਚ ਪੰਜਾਬ ਸਿਵਲ ਸਕੱਤਰੇਤ ਦੇ ਨਜ਼ਦੀਕ ਖੁੱਲ੍ਹੇ ਵਿੱਚ ਬੀੜੀ ਤੇ ਸਿਗਰਟ ਵੇਚਣ ’ਤੇ ਪ੍ਰਮੋਦ ਕੁਮਾਰ ਗੁਪਤਾ ਵਾਸੀ ਪੰਚਕੂਲਾ ਦਾ ਸਾਰਾ ਸਾਮਾਨ ਜ਼ਬਤ ਕੀਤਾ ਹੈ। ਇਸੇ ਤਰ੍ਹਾਂ ਟੀਮ ਨੇ ਸੈਕਟਰ-28 ਡੀ ਵਿੱਚ ਸਥਿਤ ਅੰਬਾਰੀ ਚੌਰੱਸੀਆ ’ਤੇ ਛਾਪਾ ਮਾਰਿਆਂ ਤਾਂ ਉੱਥੇ ਵੀ ਖੁੱਲ੍ਹੀਆਂ ਸਿਗਰਟਾਂ ਪ੍ਰਾਪਤ ਕੀਤੀਆਂ।
ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸੈਕਟਰ-28 ਵਿੱਚ ਹੀ ਐੱਕਸਪ੍ਰੈੱਸ ਕਮਿਊਨੀਕੇਸ਼ਨ ’ਤੇ ਛਾਪਾ ਮਾਰਿਆਂ ਤਾਂ ਖੁੱਲ੍ਹੀਆਂ ਅਤੇ ਵਿਦੇਸ਼ੀ ਸਿਗਰੇਟਾਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਵਿਭਾਗ ਦੇ ਅਧਿਕਾਰੀਆਂ ਨੇ ਸੈਕਟਰ-28 ਵਿੱਚ ਹੀ ਪਾਪੂਲਰ ਕਨਫੈਕਸ਼ਨਰੀ ’ਤੇ ਵੀ ਖੁੱਲ੍ਹੀ ਸਿਗਰਟ ਪ੍ਰਾਪਤ ਕੀਤੀ। ਸਿਹਤ ਵਿਭਾਗ ਦੀ ਟੀਮ ਨੇ ਚਾਰੋਂ ਦੁਕਾਨਾਂ ਤੋਂ ਖੁੱਲ੍ਹੀ ਸਿਗਰਟ ਦਾ ਸਾਰਾ ਸਾਮਾਨ ਜ਼ਬਤ ਕਰ ਲਿਆ। ਇਸ ਦੇ ਨਾਲ ਹੀ 10,500 ਰੁਪਏ ਜੁਰਮਾਨਾ ਵਸੂਲਿਆ ਗਿਆ। ਇਸ ਦੇ ਨਾਲ ਹੀ ਹਜ਼ਾਰਾਂ ਰੁਪਏ ਦਾ ਸਾਮਾਨ ਨਸ਼ਟ ਕਰਵਾਇਆ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ਹਿਰ ਵਿੱਚ ਬੀੜੀ ਤੇ ਸਿਗਰਟ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਡੱਬੀ ਤੋਂ ਬਿਨਾਂ ਖੁੱਲ੍ਹੀ ਸਿਗਰਟ ਵੇਚਣ ’ਤੇ ਪਾਬੰਦੀ ਲਗਾਈ ਗਈ ਹੈ। ਜੇ ਕੋਈ ਖੁੱਲ੍ਹੀ ਸਿਗਰਟ ਵੇਚਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।