ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 20 ਅਗਸਤ
ਪੰਜਾਬ ਸਰਕਾਰ ਨਵੰਬਰ ਦੇ ਪਹਿਲੇ ਹਫ਼ਤੇ ਪੰਚਾਇਤੀ ਚੋਣਾਂ ਕਰਵਾਉਣ ਦੇ ਰੌਂਅ ਵਿੱਚ ਹੈ ਪਰ ਮੁਹਾਲੀ ਨਗਰ ਨਿਗਮ ਦੇ ਖੇਤਰਫਲ ਵਿੱਚ ਵਾਧਾ ਕਰਨ ਦਾ ਸਾਂਝਾ ਪ੍ਰਸਤਾਵ ਹਾਲੇ ਵਿਚਾਰ ਅਧੀਨ ਹੈ। ਇਸ ਸਬੰਧੀ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਮੁੱਖ ਸਕੱਤਰ, ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਨਵੇਂ ਸੈਕਟਰਾਂ ਅਤੇ ਨੇੜਲੇ ਪਿੰਡਾਂ ਬਾਰੇ ਫ਼ੈਸਲਾ ਲਵੇ। ਮੁਹਾਲੀ ਨਿਗਮ ਨੇ 2021 ਵਿੱਚ ਪਿੰਡ ਬਲੌਂਗੀ, ਬੜਮਾਜਰਾ, ਬਰਿਆਲੀ, ਬੱਲੋਮਾਜਰਾ ਨੂੰ ਸ਼ਾਮਲ ਕਰਨ ਸਬੰਧੀ ਸਾਂਝਾ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਸੀ ਪਰ ਹੁਣ ਤੱਕ ਇਹ ਫਾਈਲ ਸਥਾਨਕ ਸਰਕਾਰਾਂ ਵਿਭਾਗ ਕੋਲ ਪੈਂਡਿੰਗ ਪਈ ਹੈ। ਜਦੋਂਕਿ ਮੁੱਖ ਮੰਤਰੀ ਪਿਛਲੇ ਦਿਨੀਂ ਮਹੀਨੇ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਬਾਰੇ ਆਖ ਚੁੱਕੇ ਹਨ।
ਕੁਲਜੀਤ ਬੇਦੀ ਨੇ ਕਿਹਾ ਕਿ ਹੁਣ ਜੇਕਰ ਪੰਚਾਇਤੀ ਚੋਣਾਂ ਤੋਂ ਪਹਿਲਾਂ ਸ਼ਹਿਰ ਦੀ ਹੱਦਬੰਦੀ ਵਧਾਉਣ ਬਾਰੇ ਅੰਤਿਮ ਫ਼ੈਸਲਾ ਨਹੀਂ ਲਿਆ ਜਾਂਦਾ ਤਾਂ ਬਾਅਦ ਵਿੱਚ ਇੱਥੋਂ ਦੇ ਚੁਣੇ ਜਾਣ ਵਾਲੇ ਸਰਪੰਚਾਂ ਅਤੇ ਪੰਚਾਂ ਨਾਲ ਵੱਡਾ ਧੱਕਾ ਹੋਵੇਗਾ ਕਿਉਂਕਿ ਮੁਹਾਲੀ ਨਿਗਮ ਵਿੱਚ ਆਉਣ ਤੋਂ ਬਾਅਦ ਪੰਚਾਇਤਾਂ ਭੰਗ ਹੋਣਗੀਆਂ। ਇਸ ਲਈ ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁਹਾਲੀ ਦੇ ਖੇਤਰਫਲ ਬਾਰੇ ਫ਼ੈਸਲਾ ਹੋਣਾ ਜ਼ਰੂਰੀ ਹੈ।