ਹਰਜੀਤ ਸਿੰਘ
ਜ਼ੀਰਕਪੁਰ, 24 ਸਤੰਬਰ
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ਸਥਿਤ ਬੈਸਟ ਪ੍ਰਾਈਸ ਦੇ ਪ੍ਰਬੰਧਕਾਂ ਨੇ ਲੰਘੇ ਦਿਨੀਂ ਆਪਣੇ ਦੋ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਜਿਸ ਦੇ ਰੋਸ ਵਜੋਂ ਅੱਜ ਕਿਸਾਨਾਂ ਨੇ ਬੈਸਟ ਪ੍ਰਾਈਸ ਦੇ ਬਾਹਰ ਪੱਕਾ ਧਰਨਾ ਲਾ ਦਿੱਤਾ।
ਇਸ ਦੌਰਾਨ ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਪ੍ਰਬੰਧਕਾਂ ਨੇ ਯੂ-ਟਰਨ ਲੈਂਦਿਆਂ ਦੋਵੇਂ ਮੁਲਾਜ਼ਮਾਂ ਨੂੰ ਬਹਾਲ ਕਰ ਦਿੱਤਾ ਹੈ। ਮਾਮਲੇ ਬਾਰੇ ਬੈਸਟ ਪ੍ਰਾਈਸ ਵਿੱਚ ਕੰਮ ਕਰਨ ਵਾਲੀ ਰੀਨਾ ਅਤੇ ਸਤਵੀਰ ਸਿੰਘ ਨੇ ਦੱਸਿਆ ਕਿ ਇੱਥੇ ਸਥਾਨਕ ਲੋਕਾਂ ਦੀ ਗਿਣਤੀ ਕਾਫੀ ਘੱਟ ਹੈ। ਪ੍ਰਬੰਧਕ ਜਾਣਬੁੱਝ ਕੇ ਬਾਹਰੀ ਲੋਕਾਂ ਨੂੰ ਨੌਕਰੀ ’ਤੇ ਰੱਖਣ ਵਿੱਚ ਪਹਿਲ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਥਾਨਕ ਮੁਲਾਜ਼ਮਾਂ ਨਾਲ ਇਥੇ ਵਿਤਕਰਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਜ਼ਿਸ਼ ਦੇ ਤਹਿਤ ਸਥਾਨਕ ਲੋਕਾਂ ਨੂੰ ਭਾਰੀ ਕੰਮ ਦਿੱਤਾ ਜਾਂਦਾ ਹੈ ਜਦਕਿ ਬਾਹਰੀ ਰਾਜਾਂ ਤੋਂ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਹਲਕਾ ਕੰਮ ਦਿੱਤਾ ਜਾਂਦਾ ਹੈ। ਜਦੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਨੌਕਰਿਓਂ ਕੱਢ ਦਿੱਤਾ ਜਾਂਦਾ ਹੈ। ਲੰਘੇ ਦਿਨਾਂ ਵਿੱਚ ਕਈਂ ਸਥਾਨਕ ਮੁੰਡੇ ਕੁੜੀਆਂ ਨੂੰ ਆਪਣੀ ਨੌਕਰੀ ਤੋਂ ਹੱਥ ਧੌਣਾ ਪਿਆ ਹੈ। ਦੋਵਾਂ ਨੇ ਕਿਹਾ ਕਿ ਉਨ੍ਹਾਂ ਨਾਲ ਵੀ ਅਜਿਹਾ ਹੀ ਹੋਇਆ ਹੈ।
ਭਾਰਤੀ ਕਿਸਾਨ ਯੂਨੀਅਨ ਪੁਆਧ ਦੇ ਪ੍ਰਧਾਨ ਤਰਲੋਚਨ ਸਿੰਘ ਅਤੇ ਰੁਸਤਮ ਸ਼ੇਖ ਨੇ ਦੱਸਿਆ ਕਿ ਉਨ੍ਹਾਂ ਨੂੰ ਉਕਤ ਦੋਵਾਂ ਨੂੰ ਨੌਕਰੀ ਤੋਂ ਕੱਢਣ ਦੀ ਸ਼ਿਕਾਇਤ ਮਿਲੀ ਸੀ ਕਿ ਜਿਸ ਮਗਰੋਂ ਉਨ੍ਹਾਂ ਨੇ ਆਪਣੇ ਪੱਧਰ ’ਤੇ ਮਾਮਲੇ ਦੀ ਜਾਂਚ ਕੀਤੀ।
ਉਨ੍ਹਾਂ ਨੇ ਕਿਹਾ ਕਿ ਬੈਸਟ ਪ੍ਰਾਈਸ ਪ੍ਰਬੰਧਕਾਂ ਨੇ ਧੱਕੇਸ਼ਾਹੀ ਨਾਲ ਇਨ੍ਹਾਂ ਨੂੰ ਬਾਹਰ ਕੱਢਿਆ ਸੀ। ਜਦਕਿ ਉਨ੍ਹਾਂ ਦੀ ਜਥੇਬੰਦੀ ਹਰੇਕ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਦੇ ਨਾਲ ਹੈ ਜਿਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਉਹ ਅੱਗੇ ਵੀ ਡਟੇ ਰਹਿਣਗੇ। ਬੈਸਟ ਪ੍ਰਾਈਸ ਦੇ ਸਟੋਰ ਹੈੱਡ ਭੁਵਨੇਸ਼ ਸ਼ਰਮਾ ਨੇ ਕਿਹਾ ਕਿ ਸਟਾਕ ਦੀ ਜਾਂਚ ਦੌਰਾਨ ਕੁਝ ਗਲਤ ਫਹਿਮੀ ਹੋ ਗਈ ਸੀ ਜੋ ਬਾਅਦ ਵਿੱਚ ਦੂਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਨੌਕਰੀ ’ਤੇ ਮੁੜ ਤੋਂ ਰੱਖ ਲਿਆ ਹੈ।