ਕੁਲਦੀਪ ਸਿੰਘ
ਚੰਡੀਗੜ੍ਹ, 23 ਅਕਤੂਬਰ
ਚੰਡੀਗੜ੍ਹ ਵਿੱਚ ਫਲਾਂ ਊੱਤੇ ‘ਬੈਸਟ ਕੁਆਲਿਟੀ’ ਦੇ ਸਟਿੱਕਰ ਲਗਾਉਣ ਵਾਲਿਆਂ ਦੀ ਖੈਰ ਨਹੀਂ ਹੈ। ਯੂਟੀ ਪ੍ਰਸ਼ਾਸਨ ਵੱਲੋਂ ਅਜਿਹੇ ਫ਼ਲ ਵਿਕਰੇਤਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਅੱਜ ਫੂਡ ਸੇਫ਼ਟੀ ਅਫ਼ਸਰ ਦੀ ਅਗਵਾਈ ਵਿੱਚ ਟੀਮ ਨੇ ਸੈਕਟਰ-26 ਦੀ ਥੋਕ ਫ਼ਲ ਮਾਰਕੀਟ ਵਿੱਚ ਅਚਾਨਕ ਚੈਕਿੰਗ ਕੀਤੀ। ਇਸ ਮੌਕੇ ਦੁਕਾਨਾਂ ਅਤੇ ਰੇਹੜੀਆਂ ਉੱਤੇ ਵੇਚੇ ਜਾ ਰਹੇ ਫ਼ਲਾਂ ਉੱਤੇ ‘ਬੈਸਟ ਕੁਆਲਿਟੀ’ ਦੇ ਸਟਿੱਕਰ ਲੱਗੇ ਦਿਖਾਈ ਦਿੱਤੇ। ਵਿਭਾਗ ਦੀ ਟੀਮ ਨੇ ਡਿਫਾਲਟਰ ਦੁਕਾਨਦਾਰਾਂ ਤੇ ਵੈਂਡਰਾਂ ਨੂੰ ਸਖ਼ਤ ਤਾੜਨਾ ਕੀਤੀ ਅਤੇ 30 ਵਿਕਰੇਤਾਵਾਂ ਨੂੰ ਨੋਟਿਸ ਜਾਰੀ ਕੀਤੇ।
ਫੂਡ ਸੇਫ਼ਟੀ ਅਫ਼ਸਰ ਨੇ ਦੱਸਿਆ ਕਿ ਸੇਬ, ਕੀਵੀ, ਸੰਤਰਾ, ਕੇਲੇ, ਨਾਸ਼ਪਾਤੀ ਆਦਿ ਫ਼ਲਾਂ ਉਤੇ ਸਟਿੱਕਰ ਚਿਪਕਾ ਦਿੱਤੇ ਜਾਂਦੇ ਹਨ। ਇਨ੍ਹਾਂ ਸਟਿੱਕਰਾਂ ਦੀ ਗੂੰਦ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਕਈ ਲੋਕ ਸਟਿੱਕਰ ਉਤਾਰ ਕੇ ਫਲਾਂ ਨੂੰ ਛਿਲਕਾ ਉਤਾਰੇ ਬਗੈਰ ਹੀ ਖਾ ਲੈਂਦੇ ਹਨ ਜਦਕਿ ਸਟਿੱਕਰ ਦੀ ਗੂੰਦ ਛਿਲਕੇ ਉਪਰ ਲੱਗੀ ਰਹਿੰਦੀ ਹੈ। ਇਸ ਕਾਰਨ ਇਹ ਫ਼ਲ ਸਿਹਤ ਲਈ ਹਾਨੀਕਾਰਕ ਸਿੱਧ ਹੁੰਦੇ ਹਨ। ਫੂਡ ਸੇਫ਼ਟੀ ਅਫ਼ਸਰ ਨੇ ਫ਼ਲ ਵਿਕਰੇਤਾਵਾਂ ਨੂੰ ਤਾੜਨਾ ਕੀਤੀ ਕਿ ਭਵਿੱਖ ਵਿੱਚ ਕਿਸੇ ਵੀ ਫ਼ਲ ਉੱਤੇ ਸਿੱਧੇ ਤੌਰ ’ਤੇ ਸਟਿੱਕਰ ਨਾ ਚਿਪਕਿਆ ਜਾਵੇ।
ਫਲਾਂ ਨੂੰ ਸ਼ੀਟ ਵਿੱਚ ਲਪੇਟ ਕੇ ਸਟਿੱਕਰ ਲਾਊਣ ਦਾ ਸੁਝਾਅ
ਟੀਮ ਨੇ ਫਲਾਂ ਦੇ ਵਪਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਫਲਾਂ ਅਤੇ ਸਬਜ਼ੀਆਂ ਉੱਤੇ ਸਟਿੱਕਰਾਂ ਨੂੰ ਸਿੱਧੇ ਤੌਰ ’ਤੇ ਲਗਾਊਣ ਦੀ ਬਜਾਇ ਫਲਾਂ ਨੂੰ ਪਾਰਦਰਸ਼ੀ ਸ਼ੀਟ ਵਿੱਚ ਲਪੇਟ ਲੈਣ ਤੇ ਸ਼ੀਟ ਉੱਤੇ ਸਟਿੱਕਰ ਲਗਾਏ ਜਾਣ। ਇਸ ਤਰ੍ਹਾਂ ਫਲਾਂ ਦੀ ਪਰਤ ਉੱਤੇ ਗੂੰਦ ਨਹੀਂ ਚਿਪਕੇਗੀ ਅਤੇ ਸਿਹਤ ’ਤੇ ਵੀ ਮਾੜਾ ਅਸਰ ਨਹੀਂ ਪਵੇਗਾ।